ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਮਈ
ਦਿੱਲੀ ਦੇ ਪੁਰਾਣੇ ਹਿੱਸੇ ਵਿੱਚ ਵਸੇ ਸਦਰ ਬਾਜ਼ਾਰ, ਭਗੀਰਥ ਪੈਲਸ, ਚਾਂਦਨੀ ਚੌਕ, ਬਾਰਾਂ ਟੂਟੀ, ਪਹਾੜਗੰਜ ਦੇ ਭੀੜੇ ਇਲਾਕਿਆਂ ਵਿੱਚ ਸਹੂਲਤਾਂ ਦੀ ਵੱਡੀ ਘਾਟ ਹੈ। ਦੁਕਾਨਦਾਰਾਂ ਮੁਤਾਬਕ ਬਿਜਲੀ ਵਿਵਸਥਾ, ਪਾਣੀ, ਗਲੀਆਂ, ਨਾਲੀਆਂ ਤੇ ਪਾਰਕਿੰਗ ਆਦਿ ਵੀ ਬਹੁਤ ਵੱਡੀ ਸਮੱਸਿਆ ਹੈ। ਸਦਰ ਬਾਜ਼ਾਰ ਕਰੀਬ 3 ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ, ਜਿੱਥੇ 26 ਹਜ਼ਾਰ ਤੋਂ ਵੱਧ ਵੱਡੀਆਂ, ਛੋਟੀਆਂ ਦੁਕਾਨਾਂ ਹਨ। ਸਦਰ ਬਾਜ਼ਾਰ ਵਿੱਚ ਤਾਂ ਗਲੀਆਂ ਸਿਰਫ ਤਿੰਨ ਜਾਂ ਚਾਰ ਫੁੱਟ ਦੀਆਂ ਹੀ ਹਨ, ਜਿੱਥੋਂ ਦੋ ਵਿਅਕਤੀਆਂ ਦਾ ਨਿਕਲਣਾ ਵੀ ਔਖਾ ਹੁੰਦਾ ਹੈ। ਕਿਸੇ ਹੰਗਾਮੀਂ ਹਾਲਤ ਵਿੱਚ ਇਨ੍ਹਾਂ ਬਾਜ਼ਾਰਾਂ ਵਿੱਚੋਂ ਨਿਕਲਣਾ ਤੇ ਉੱਥੇ ਪ੍ਰਸ਼ਾਸਨ ਦੀਆਂ ਸਹੂਲਤਾਂ ਪਹੁੰਚਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਬਿਜਲੀ ਦੀਆਂ ਤਾਰਾਂ ਦੇ ਗੁੱਛੇ ਥਾਂ-ਥਾਂ ਲਟਕਦੇ ਦੇਖੇ ਜਾ ਸਕਦੇ ਹਨ, ਜੋ ਕਦੇ ਵੀ ਚਿੰਗਾੜੀ ਬਣ ਕੇ ਕਰੋੜਾਂ ਦੇ ਸਾਮਾਨ ਨੂੰ ਸੁਆਹ ਕਰ ਸਕਦੇ ਹਨ। ਬਾਜ਼ਾਰਾਂ ਤੱਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੁੰਚਾਉਣੀਆਂ ਮੁਸੀਬਤ ਸਮੇਂ ਔਖਾ ਕਾਰਜ ਹੋ ਸਕਦਾ ਹੈ। ਬੀਤੇ ਦਿਨੀਂ ਮੁੰਡਕਾ ਅਗਨੀ ਕਾਂਡ ਦੌਰਾਨ ਫਾਇਰ ਬ੍ਰਿਗੇਡ ਦੀ ਗੱਡੀ ਜਾਮ ਵਿੱਚ ਫਸ ਗਈ ਸੀ। ਸਥਾਨਕ ਦੁਕਾਨਦਾਰਾਂ ਦੀ ਫੈਡਰੇਸ਼ਨ ਦੇ ਪ੍ਰਧਾਨ ਰਾਕੇਸ਼ ਯਾਦਵ ਵੱਲੋਂ ਦੱਸਿਆ ਗਿਆ ਕਿ ਦਿੱਲੀ ਸਰਕਾਰ ਤੇ ਦਿੱਲੀ ਨਗਰ ਨਿਗਮ ਸਮੇਤ ਹੋਰ ਏਜੰਸੀਆਂ ਨੂੰ ਸਮੇਂ-ਸਮੇਂ ਉਪਰ ਸਮੱਸਿਆਵਾਂ ਬਾਰੇ ਦੱਸਿਆ ਗਿਆ ਹੈ ਪਰ ਅਜੇ ਤੱਕ ਕੋਈ ਹੱਲ ਨਹੀਂ ਹੋਇਆ।