ਨਵੀਂ ਦਿੱਲੀ, 2 ਅਗਸਤ
ਆਰਜੇਡੀ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਨੇ ਅੱਜ ਇੱਥੇ ਸਮਾਜਵਾਦੀ ਪਾਰਟੀ ਦੇ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਨਾਲ ਮੁਲਾਕਾਤ ਕੀਤੀ। ‘ਸਪਾ’ ਪ੍ਰਧਾਨ ਤੇ ਮੁਲਾਇਮ ਦੇ ਪੁੱਤਰ ਅਖਿਲੇਸ਼ ਯਾਦਵ ਵੀ ਇਸ ਮੌਕੇ ਹਾਜ਼ਰ ਸਨ। ਹਿੰਦੀ ਵਿਚ ਟਵੀਟ ਕਰਦਿਆਂ ਲਾਲੂ ਨੇ ਕਿਹਾ ‘ਮੁਲਕ ਦੇ ਸਭ ਤੋਂ ਸੀਨੀਅਰ ਸਮਾਜਵਾਦੀ ਸ੍ਰੀ ਮੁਲਾਇਮ ਸਿੰਘ ਜੀ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦਾ ਹਾਲ-ਚਾਲ ਜਾਣਿਆ। ਕਿਸਾਨਾਂ, ਨਾ-ਬਰਾਬਰੀ, ਗਰੀਬਾਂ ਤੇ ਬੇਰੁਜ਼ਗਾਰਾਂ ਬਾਰੇ ਸਾਡੀਆਂ ਚਿੰਤਾਵਾਂ ਇਕੋ ਹਨ।’ ਉਨ੍ਹਾਂ ਬੈਠਕ ਦੀਆਂ ਫੋਟੋਆਂ ਵੀ ਪੋਸਟ ਕੀਤੀਆਂ।
ਲਾਲੂ ਨੇ ਲਿਖਿਆ ਕਿ ਅੱਜ ਮੁਲਕ ਨੂੰ ਸਮਾਜਿਕ ਬਰਾਬਰੀ ਤੇ ਸਮਾਜਵਾਦ ਦੀ ਬਹੁਤ ਲੋੜ ਹੈ, ਪੂੰਜੀਵਾਦ ਤੇ ਫ਼ਿਰਕੂਵਾਦ ਤੋਂ ਬਚਣ ਦੀ ਲੋੜ ਹੈ। ਇਸ ਤੋਂ ਪਹਿਲਾਂ ਅਖਿਲੇਸ਼ ਯਾਦਵ ਨੇ ਲੋਕ ਸਭਾ ਦੀ ਕਾਰਵਾਈ ਵਿਚ ਵੀ ਹਿੱਸਾ ਲਿਆ। -ਪੀਟੀਆਈ