ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 8 ਜਨਵਰੀ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵਿਗਿਆਨ ਭਵਨ ਵਿੱਚ ਕਿਸਾਨਾਂ ਲਈ ਅੱਜ ਵੀ ਲੰਗਰ ਲੈ ਕੇ ਪੁੱਜੇ, ਜਿਸ ਵਿਚ ਦਾਲ ਪ੍ਰਸ਼ਾਦਿਆਂ ਦੇ ਨਾਲ ਮਿੱਠੀਆਂ ਸੇਵੀਆਂ ਦਾ ਲੰਗਰ ਵੀ ਸੀ। ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਆਪ ਕਿਸਾਨਾਂ ਨੂੰ ਲੰਗਰ ਛਕਾਉਣ ਦੀ ਸੇਵਾ ਕੀਤੀ। ਉਨ੍ਹਾਂ ਦੇ ਨਾਲ ਕਮੇਟੀ ਦੀ ਸੀਨੀਅਰ ਮੀਤ ਪ੍ਰਧਾਨ ਬੀਬੀ ਰਣਜੀਤ ਕੌਰ ਅਤੇ ਹੋਰ ਮੈਂਬਰ ਵੀ ਸਨ। ਸਿਰਸਾ ਨੇ ਕਿਹਾ ਕਿ ਹਰ ਮੀਟਿੰਗ ਦੌਰਾਨ ਇਸ ਉਮੀਦ ਨਾਲ ਲੰਗਰ ਲੈ ਕੇ ਆਉਂਦੇ ਹਾਂ ਕਿ ਸ਼ਾਇਦ ਅੱਜ ਆਖਰੀ ਦੌਰ ਦੀ ਮੀਟਿੰਗ ਹੋਵੇ ਤੇ ਕੋਈ ਨਤੀਜਾ ਨਿਕਲ ਕੇ ਸਾਹਮਣੇ ਆਏ। ਉਨ੍ਹਾਂ ਕਿਹਾ ਕਿ ਅੱਜ ਲੰਗਰ ਵਿਚ ਮਿੱਠੀਆਂ ਸੇਵੀਆਂ ਲਿਆਉਣ ਦਾ ਮਕਸਦ ਸਾਡਾ ਇਹੀ ਸੀ ਕਿ ਕੁੜਤਣ ਸਮਾਪਤ ਹੋਵੇ ਤੇ ਸੇਵੀਆਂ ਦੀ ਤਰ੍ਹਾਂ ਮਿਠਾਸ ਫ਼ੈਲੇ ਅਤੇ ਸਰਕਾਰ ਤੇ ਕਿਸਾਨਾਂ ਵਿਚਕਾਰ ਚੱਲ ਰਹੇ ਮਸਲੇ ਦਾ ਹੱਲ ਨਿਕਲੇ, ਜਿਸ ਤੋਂ ਕਿਸਾਨ ਆਪਣੇ ਘਰਾਂ ਨੂੰ ਪਰਤ ਸਕਣ। ਉਨ੍ਹਾਂ ਕਿਹਾ ਕਿ ਅੱਜ ਬਹੁਤ ਲੰਮਾ ਸਮਾਂ ਹੋ ਚੁੱਕਿਆ ਹੈ, ਕਿਸਾਨਾਂ ਨੂੰ ਸੜਕਾਂ ’ਤੇ ਬੈਠੇ ਹੋਏ। ਸਰਕਾਰ ਹਰ ਤਰ੍ਹਾਂ ਦੇ ਹੱਥਕੰਡੇ ਅਪਣਾ ਕੇ ਦੇਖ ਚੁੱਕੀ ਹੈ ਕਿ ਕਿਸੇ ਤਰੀਕੇ ਕਿਸਾਨਾਂ ਨੂੰ ਪਿੱਛੇ ਕੀਤਾ ਜਾਵੇ।