ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਅਪਰੈਲ
ਦਿੱਲੀ ਸਰਕਾਰ ਨੇ ਪਹਿਲੀ ਅਪਰੈਲ ਤੋਂ ਬੱਸ ਡਰਾਈਵਰਾਂ ਅਤੇ ਮਾਲ ਵਾਹਨਾਂ ਲਈ ਲੇਨ ਅਨੁਸ਼ਾਸਨ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਇੱਕ ਇਨਫੋਰਸਮੈਂਟ ਅਭਿਆਨ ਸ਼ੁਰੂ ਕੀਤਾ ਹੈ। ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ ਅੱਜ ਆਈਟੀਓ ਚੌਕ ‘ਤੇ ਸ਼ੁਰੂ ਹੋਈ ਮੁਹਿੰਮ ਦਾ ਮੁਆਇਨਾ ਕੀਤਾ ਤੇ ਇਨਫੋਰਸਮੈਂਟ ਟੀਮ ਨਾਲ ਗੱਲਬਾਤ ਕੀਤੀ। ਟਰਾਂਸਪੋਰਟ ਵਿਭਾਗ ਨੇ ਦਿੱਲੀ ਟਰੈਫਿਕ ਪੁਲੀਸ ਤੇ ਹੋਰ ਹਿੱਸੇਦਾਰਾਂ ਨਾਲ ਸਲਾਹ ਮਸ਼ਵਰਾ ਕਰਕੇ ਇਸ ਮੁਹਿੰਮ ਨੂੰ ਲਾਗੂ ਕਰਨ ਲਈ 46 ਮੁੱਖ ਗਲਿਆਰਿਆਂ ਦੀ ਪਛਾਣ ਕੀਤੀ ਹੈ। ਇਸ ਪਹਿਲ ਨੂੰ ਕੁੱਲ 3 ਪੜਾਵਾਂ ਵਿੱਚ ਕੁੱਲ 474.91 ਕਿਲੋਮੀਟਰ ਦੀ ਕਵਰੇਜ ਦੇ ਨਾਲ ਲਾਗੂ ਕੀਤਾ ਜਾਵੇਗਾ। ਲੋਕ ਨਿਰਮਾਣ ਵਿਭਾਗ ਨੂੰ ਸੰਕੇਤ-ਚਿਤਾਵਨੀ ਚਿੰਨ੍ਹ, ਬੱਸ ਲੇਨਾਂ ਦੀ ਪੇਂਟਿੰਗ, ਮਾਰਕਿੰਗ, ਬੱਸ ਬਕਸਿਆਂ (ਥਰਮੋਪਲਾਸਟਿਕ) ਦੀ ਪੇਂਟਿੰਗ ਅਤੇ ਚੁਣੇ ਗਏ ਗਲਿਆਰਿਆਂ ‘ਤੇ ਕਬਜ਼ੇ ਹਟਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਮੋਟਰ ਵਹੀਕਲ ਐਕਟ, 1988 ਦੀ ਧਾਰਾ 192-ਏ ਦੇ ਤਹਿਤ, ਪਹਿਲੀ ਗਲਤੀ ਲਈ 10,000 ਰੁਪਏ ਦਾ ਚਲਾਨ ਹੈ ਜਦੋਂ ਕਿ ਦੂਜੀ ਵਾਰ ਲੇਨ ਨਿਯਮ ਦੀ ਉਲੰਘਣਾ ਕਰਨ ‘ਤੇ ਚਲਾਨ ਤੇ ਵਾਧੂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਤੀਜੀ ਵਾਰ ਚਲਾਨ ਵਿੱਚ ਡਰਾਈਵਿੰਗ ਲਾਇਸੈਂਸ ਨੂੰ ਮੁਅੱਤਲ ਜਾਂ ਰੱਦ ਕਰ ਦਿੱਤਾ ਜਾਵੇਗਾ ਤੇ ਇੱਕ ਮਹੀਨੇ ਦਾ ਡਰਾਈਵਿੰਗ ਰਿਫਰੈਸ਼ਮੈਂਟ ਕੋਰਸ ਲਾਜ਼ਮੀ ਤੌਰ ‘ਤੇ ਲੋੜੀਂਦਾ ਹੋਵੇਗਾ।