ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਜੁਲਾਈ
ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਕਾਮਰਸ, ਪੀਤਮ ਪੁਰਾ ਦੇ ਪੰਜਾਬੀ ਵਿਭਾਗ ਵੱਲੋਂ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੈਕਚਰ ਲੜੀ ਸ਼ੁਰੂ ਕੀਤੀ ਗਈ। ਇਸ ਦੇ ਅੰਤਰਗਤ ਪਹਿਲਾ ਲੈਕਚਰ ‘ਬਾਣੀਕਾਰ ਗੁਰੂ ਤੇਗ ਬਹਾਦਰ ਜੀ : ਸਫ਼ਰ-ਏ-ਸ਼ਹਾਦਤ’ ਵਿਸ਼ੇ ’ਤੇ ਕਰਵਾਇਆ ਗਿਆ। ਵੈਬਿਨਾਰ ਵਿਚ ਡਾ. ਸੁਰਜੀਤ ਪਾਤਰ, ਡਾ. ਰਵੀ ਰਵਿੰਦਰ, ਡਾ. ਮਨਮੋਹਨ ਤੇ ਡਾ. ਗੁਰਦਰਸ਼ਨ ਸਿੰਘ ਢਿੱਲੋਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵੈਬਿਨਾਰ ਦੀ ਸ਼ੁਰੂਆਤ ਕਾਲਜ ਦੇ ਪੰਜਾਬੀ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਤੋਂ ਹੋਈ ਉਪਰੰਤ ਡਾ. ਤਰਵਿੰਦਰ ਕੌਰ ਨੇ ਕਰੋਨਾ ਕਾਲ ਵਿਚ ਗੁਰੂ ਸਾਹਿਬ ਦੀ ਬਾਣੀ ਦੀ ਸਾਰਥਕਤਾ ਬਾਰੇ ਵਿਚਾਰ ਰੱਖੇ। ਡਾ. ਮਨਜੀਤ ਕੌਰ ਨੇ ਕਾਲਜ ਦੇ ਪ੍ਰਿੰਸੀਪਲ ਡਾ. ਜਤਿੰਦਰ ਬੀਰ ਸਿੰਘ ਤੇ ਆਏ ਹੋਏ ਮਹਿਮਾਨ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਡਾ. ਜਤਿੰਦਰਬੀਰ ਸਿੰਘ ਨੇ ਨਵੀਂ ਪੀੜ੍ਹੀ ਲਈ ਗੁਰੂ ਸਾਹਿਬ ਦੀ ਸ਼ਖ਼ਸੀਅਤ ਅਤੇ ਵਿਚਾਰਾਂ ਦੀ ਅਹਿਮੀਅਤ ਦੀ ਵਕਾਲਤ ਕੀਤੀ। ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਜਾਨ ਅਤੇ ਇਮਾਨ ਦੇ ਦਵੰਦ ਤੋਂ ਸ਼ਖ਼ਸੀਅਤ ਦੀ ਪਰਖ ਹੁੰਦੀ ਰਹੀ ਹੈ। ਡਾ. ਰਵੀ ਰਵਿੰਦਰ ਨੇ ਕਿਹਾ ਕਿ ਚੋਣ ਹੀ ਜੀਵਨ ਦੇ ਭਵਿੱਖ ਨੂੰ ਨਿਰਧਾਰਤ ਕਰਦੀ ਹੈ। ਡਾ. ਮਨਮੋਹਨ ਨੇ ਗੁਰੂ ਸਾਹਿਬ ਦੇ ਜੀਵਨ ਫ਼ਲਸਫੇ ਤੇ ਤਿਆਗ ਬਾਰੇ ਰੌਸ਼ਨੀ ਪਾਈ। ਇਸ ਮੌਕੇ ਡਾ. ਗੁਰਦਰਸ਼ਨ ਸਿੰਘ ਢਿੱਲੋਂ ਨੇ ਵੀ ਸੰਬੋਧਨ ਕੀਤਾ।