ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਫਰਵਰੀ
ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਆਫ ਕਾਮਰਸ, ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੱਤਵਾਂ ਲੈਕਚਰ ਕਰਾਇਆ ਗਿਆ।
ਵੈਬਿਨਾਰ ਵਿੱਚ ਗੁਰਚਰਨਜੀਤ ਸਿੰਘ ਲਾਂਬਾ (ਅਮਰੀਕਾ) ਤੇ ਪਿਆਰਾ ਸਿੰਘ ਕੁੱਦੋਵਾਲ (ਕੈਨੇਡਾ) ਦੇ ਭਾਸ਼ਣ ਕਰਵਾਏ ਗਏ ਤੇ ਪ੍ਰਧਾਨਗੀ ਪ੍ਰੋ. ਹਰੀਸ਼ ਸ਼ਰਮਾ (ਸਾਬਕਾ ਪ੍ਰੋਫੈਸਰ ਇਤਿਹਾਸ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ) ਵੱਲੋਂ ਕੀਤੀ ਗਈ। ਵੈਬਿਨਾਰ ਦੀ ਸ਼ੁਰੂਆਤ ਜਗਜੀਤ ਸਿੰਘ ਨੇ ਸ਼ਬਦ ਗਾਇਨ ਨਾਲ ਕੀਤੀ। ਕਾਲਜ ਦੇ ਪ੍ਰਿੰਸੀਪਲ ਡਾ. ਜਤਿੰਦਰ ਬੀਰ ਸਿੰਘ ਨੇ ਗੁਰੂ ਸਾਹਿਬ ਦੀ ਵਿਚਾਰਧਾਰਾ ਬਾਰੇ ਚਾਨਣਾ ਪਾਇਆ। ਪੰਜਾਬੀ ਵਿਭਾਗ ਦੇ ਮੁਖੀ ਡਾ. ਮਨਜੀਤ ਕੌਰ ਅਤੇ ਪ੍ਰਿੰਸੀਪਲ ਨੇ ਆਏ ਹੋਏ ਮਹਿਮਾਨਾਂ ਤੇ ਵਿਦਿਆਰਥੀਆਂ ਦਾ ਸੁਆਗਤ ਕੀਤਾ। ਗੁਰਚਰਨਜੀਤ ਸਿੰਘ ਨੇ ‘ਪਰਵਾਸੀ ਚੇਤਨਾ ਵਿੱਚ ਗੁਰੂ ਤੇਗ ਬਹਾਦਰ ਜੀ’ ਵਿਸ਼ੇ ਉਪਰ ਆਪਣੇ ਵਿਚਾਰ ਸਾਂਝੇ ਕਰਦਿਆਂ ਗੁਰੂ ਸਾਹਿਬ ਦੀ ਬਾਣੀ ਦੀ ਅੱਜ ਦੇ ਸਮੇਂ ਵਿੱਚ ਪ੍ਰਾਸੰਗਿਕਤਾ ਦੀ ਗੱਲ ਕੀਤੀ। ਪਿਆਰਾ ਸਿੰਘ ਨੇ ‘ਗੁਰੂ ਤੇਗ ਬਹਾਦਰ ਦੀ ਬਾਣੀ ਵਿਚ ਵਿਸਰਾਮ’ ਵਿਸ਼ੇ ਉੱਪਰ ਆਪਣੇ ਵਿਚਾਰ ਸਾਂਝੇ ਕੀਤੇ। ਪ੍ਰੋ. ਹਰੀਸ਼ ਸ਼ਰਮਾ ਨੇ ਦੋਵੇਂ ਵਕਤਿਆਂ ਦੇ ਭਾਸ਼ਣਾਂ ਦੀ ਸ਼ਲਾਘਾ ਕਰਦਿਆਂ ਅਜਿਹੇ ਭਾਸ਼ਣਾਂ ਨੂੰ ਆਪਣੇ ਇਤਿਹਾਸ ਨੂੰ ਮੁੜ ਸੁਰਜੀਤ ਕਰਾਉਣ ਵਿੱਚ ਮਦਦਗਾਰ ਦੱੱਸਿਆ। ਵੈਬਿਨਾਰ ਦੇ ਅੰਤ ਵਿਚ ਵਿਭਾਗ ਦੇ ਅਧਿਆਪਕ ਪ੍ਰੋ. ਤਰਨਜੀਤ ਕੌਰ ਨੇ ਵੈਬੀਨਾਰ ਵਿਚ ਸ਼ਾਮਿਲ ਸਾਰੇ ਸਰੋਤਿਆਂ ਦਾ ਧੰਨਵਾਦ ਕੀਤਾ।