ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਅਕਤੂਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਅੱਜ ਪ੍ਰੈੱਸ ਕਾਨਫਰੰਸ ਕਰ ਕੇ ਦੱਸਿਆ ਕਿ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਉਨ੍ਹਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੱਤਰ ਲਿਖ ਕੇ ਸਰਨਿਆਂ ਤੇ ਬਾਦਲਾਂ ਵਿਚਾਲੇ 10 ਕਰੋੜ ਰੁਪਏ ਖਰਚ ਕਰ ਕੇ ਸਿੱਖਾਂ ਦੀ ਸਿਰਮੌਰ ਜਥੇਬੰਦੀ ਐੱਸਜੀਪੀਸੀ ’ਚ ਵੱਡੀ ਜ਼ਿੰਮੇਵਾਰੀ ਲੈਣ ਦੇ ਮਾਮਲੇ ਦੀ ਉਚ-ਪੱਧਰੀ ਜਾਂਚ ਕਰਾਉਣ ਦੀ ਮੰਗ ਵੀ ਕੀਤੀ ਗਈ ਹੈ। ਉਨ੍ਹਾਂ ਕਿ ‘ਪੰਥਕ ਏਕਤਾ’ ਦੇ ਨਾਂਅ ’ਤੇ ਸਰਨਾ ਭਰਾਵਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੀ ਛੁਪਣਗਾਹ ਬਣਾਉਣ ਦੀ ਜੋ ਵਿਊਂਤਬੰਦੀ ਕੀਤੀ ਗਈ ਹੈ, ਉਹ ਸਿੱਖ ਸੰਗਤਾਂ ਦੀ ਪਿੱਠ ’ਚ ਛੁਰਾ ਮਾਰਨ ਵਰਗਾ ਹੈ। ਕਾਹਲੋਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਵੀ ਅਪੀਲ ਕੀਤੀ ਕਿ ਸਿੱਖਾਂ ਦੀ ਕਾਤਲ ਕਾਂਗਰਸ ਪਾਰਟੀ ਦੇ ਪਿੱਠੂ ਸਰਨਿਆਂ ਅਤੇ ਬਾਦਲ ਵਿਚਾਲੇ ਦੌਲਤ ਦੇ ਬਲ ’ਤੇ ਹੋਈ ਇਸ ਸੌਦੇਬਾਜ਼ੀ ਦਾ ਨੋਟਿਸ ਲੈਂਦੇ ਹੋਏ ਕਾਰਵਾਈ ਕੀਤੀ ਜਾਵੇ।
ਦਿਲੀ ਕਮੇਟੀ ਦੇ ਪ੍ਰਧਾਨ ਨੇ ਸਰਨਾ ਭਰਾਵਾਂ ਨੂੰ ਘੇਰਿਆ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੰਜਾਬ ਧਰਮ ਪ੍ਰਚਾਰ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ ਨੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਹਰਵਿੰਦਰ ਸਿੰਘ ਸਰਨਾ ’ਤੇ ਵਰ੍ਹਦੇ ਹੋਏ ਕਿਹਾ ਕਿ ਜਿਨ੍ਹਾਂ ਬਾਦਲਾਂ ਖ਼ਿਲਾਫ਼ ਉਹ ਕਈ ਵਰ੍ਹਿਆਂ ਤੱਕ ਆਪਣੇ ਮੰਚ ਤੋਂ ਜਨਤਕ ਤੌਰ ’ਤੇ ਜ਼ਹਿਰ ਉਗਲਦੇ ਰਹੇ, ਗੰਭੀਰ ਦੋਸ਼ ਲਗਾਉਂਦੇ ਰਹੇ ਹੁਣ ਆਖਿਰ ਅਜਿਹੀ ਕਿਹੜੀ ਮਜਬੂਰੀ ਰਹੀ ਕਿ ਉਹ ਬਾਦਲਾਂ ਦਾ ਲੜ ਫੜਨ ਨੂੰ ਤਿਆਰ ਹੋ ਗਏ ਹਨ। ਬੀਤੇ ਤਿੰਨ-ਚਾਰ ਮਹੀਨਿਆਂ ਤੋਂ ਸਰਨਾ ਭਰਾਵਾਂ ਦਾ ਬਾਦਲਾਂ ਦੇ ਨਾਲ ਜਿਹੜਾ ਗੁਪਤ ਸਮਝੌਤਾ ਚੱਲ ਰਿਹਾ ਹੈ ਉਸ ਦਾ ਪਰਦਾਫਾਸ਼ ਸੰਗਤ ਮੂਹਰੇ ਹੁਣ ਛੇਤੀ ਹੋਣ ਵਾਲਾ ਹੈ। ਉਧਰ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਆਗੂ ਪਰਮਜੀਤ ਸਿੰਘ ਸਰਨਾ ਪਹਿਲਾਂ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਇਰਾਦਾ ਜਾਹਰ ਕਰ ਚੁੱਕੇ ਹਨ। ਉਨ੍ਹਾਂ ਲਾਏ ਦੋਸ਼ਾਂ ਨੂੰ ਮੁੱਢੋਂ ਹੀ ਰੱਦ ਕਰ ਦਿੱਤਾ ਹੈ।