ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਜੁਲਾਈ
ਦਿੱਲੀ ਵਿੱਚ ਸ਼ਰਾਬ ਦੀ ਨੀਤੀ ਵਿੱਚ ਬਦਲਾਅ ਮਗਰੋਂ ਸ਼ਰਾਬ ਦੇ ਕਾਰੋਬਾਰ ਵਿੱਚ ਭਾਰੀ ਨੁਕਸਾਨ ਹੋਣ ਕਾਰਨ ਕੁੱਲ 32 ਜ਼ੋਨਲ ਸ਼ਰਾਬ ਦੇ ਪ੍ਰਚੂਨ ਵਿਕਰੇਤਾਵਾਂ ਵਿੱਚੋਂ 11 ਨੇ ਆਪਣੇ ਲਾਇਸੈਂਸ ਪਰਮਿਟ ਵਾਪਸ ਕਰ ਦਿੱਤੇ ਹਨ। ਦਿੱਲੀ ਦੇ ਕਈ ਇਲਾਕੇ ਸ਼ਰਾਬ ਦੀ ਸਪਲਾਈ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ। ਉਦਯੋਗ ਦੇ ਇੱਕ ਸੂਤਰ ਨੇ ਕਿਹਾ ਕਿ ਸ਼ਰਾਬ ਸਬੰਧੀ ਨਵੀਂ ਨੀਤੀ ਵਿੱਚ ਖ਼ਾਮੀਆਂ ਕਾਰਨ ਸ਼ਹਿਰ ਵਿੱਚ ਕਈ ਦੁਕਾਨਾਂ ਬੰਦ ਹੋ ਗਈਆਂ ਹਨ। ਕਨਾਟ ਪੈਲੇਸ, ਸਾਕੇਤ, ਗ੍ਰੀਨ ਪਾਰਕ ਅਤੇ ਦੱਖਣੀ ਦਿੱਲੀ ਦੇ ਹੋਰ ਹਿੱਸੇ ਸ਼ਰਾਬ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ। ਕਨਫੈਡਰੇਸ਼ਨ ਆਫ ਇੰਡੀਅਨ ਅਲਕੋਹਲਿਕ ਬੇਵਰੇਜ ਕੰਪਨੀਜ਼ (ਸੀਆਈਏਬੀਸੀ) ਦੇ ਡਾਇਰੈਕਟਰ ਜਨਰਲ ਵਿਨੋਦ ਗਿਰੀ ਨੇ ਕਿਹਾ ਕਿ ਨੀਤੀ ਚੰਗੀ ਸੀ ਪਰ ਲਾਗੂ ਕਰਨ ਦੇ ਪੱਧਰ ’ਤੇ ਖਾਮੀਆਂ ਕਾਰਨ ਇਹ ਤਰਸਯੋਗ ਸਥਿਤੀ ਪੈਦਾ ਹੋ ਗਈ ਹੈ।