ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਸਤੰਬਰ
ਕੌਮੀ ਰਾਜਧਾਨੀ ਦਿੱਲੀ ਵਿੱਚ ਅੱਜ ਹਲਕੀ ਬਾਰਿਸ਼ ਹੋਣ ਨਾਲ ਮੌਸਮ ਸੁਹਾਵਣਾ ਹੋ ਗਿਆ। ਭਾਰਤੀ ਮੌਸਮ ਵਿਭਾਗ ਅਨੁਸਾਰ ਕੌਮੀ ਰਾਜਧਾਨੀ ਵਿੱਚ ਤਾਪਮਾਨ ਆਮ ਨਾਲੋਂ ਤਿੰਨ ਡਿਗਰੀ ਘੱਟ 22.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਾਣਕਾਰੀ ਅਨੁਸਾਰ ਲਾਜਪਤ ਨਗਰ, ਆਈਟੀਓ, ਮਹਾਰਾਣੀ ਬਾਗ, ਨੋਇਡਾ, ਧੌਲਾ ਕੁਆਂ, ਸੰਗਮ ਵਿਹਾਰ, ਤੁਗਲਕਾਬਾਦ, ਮਯੂਰ ਵਿਹਾਰ, ਆਯਾ ਨਗਰ, ਆਈਐੱਨਏ, ਗੌਤਮ ਨਗਰ ਅਤੇ ਕਿਰਾੜੀ ਖੇਤਰ ਵਿੱਚ ਵੀ ਹਲਕੀ ਬਾਰਿਸ਼ ਹੋਈ। ਆਈਐੱਮਡੀ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਦਿੱਲੀ ਵਿੱਚ ਵੀਰਵਾਰ ਸਵੇਰੇ 8.30 ਵਜੇ ਤੋਂ ਸ਼ੁੱਕਰਵਾਰ ਸਵੇਰੇ 8.30 ਵਜੇ ਦਰਮਿਆਨ 24 ਘੰਟਿਆਂ ਵਿੱਚ 4.1 ਮਿਲੀਮੀਟਰ ਬਾਰਿਸ਼ ਹੋਈ ਹੈ। ਸਫਦਰਜੰਗ ਵਿੱਚ ਆਈਐੱਮਡੀ ਦੀਆਂ ਆਬਜ਼ਰਵੇਟਰੀਜ਼ ਤੇ ਅਯਾ ਨਗਰ ਵਿੱਚ ਸਵੇਰੇ 8.30 ਵਜੇ ਤੋਂ 11.30 ਵਜੇ ਦਰਮਿਆਨ 1.2 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ। ਇਸੇ ਸਮੇਂ ਦੌਰਾਨ ਰਿਜ ਖੇਤਰ ਵਿੱਚ 2 ਮਿਲੀਮੀਟਰ ਮੀਂਹ ਪਿਆ। ਮੀਂਹ ਕਾਰਨ ਧੌਲਾ ਕੂਆਂ, ਵਿਕਾਸ ਮਾਰਗ ਅਤੇ ਰਿੰਗ ਰੋਡ ਵਰਗੇ ਕਈ ਇਲਾਕਿਆਂ ਵਿੱਚ ਭਾਰੀ ਟਰੈਫਿਕ ਜਾਮ ਦੇਖਣ ਨੂੰ ਮਿਲਿਆ। ਮੌਸਮ ਵਿਭਾਗ ਨੇ ਦਿਨ ਵੇਲੇ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਹਲਕੀ ਬਾਰਿਸ਼ ਅਤੇ ਆਮ ਤੌਰ ’ਤੇ ਬੱਦਲਵਾਈ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਸਵੇਰੇ 8.30 ਵਜੇ ਨਮੀ 100 ਫੀਸਦੀ ਦਰਜ ਕੀਤੀ ਗਈ। ਉੱਤਰ ਪ੍ਰਦੇਸ਼ ਦੇ ਕੇਂਦਰੀ ਹਿੱਸਿਆਂ ਵਿੱਚ ਘੱਟ ਦਬਾਅ ਵਾਲੇ ਖੇਤਰ ਦੇ ਕਾਰਨ, 16 ਤੇ 17 ਸਤੰਬਰ ਨੂੰ ਉੱਤਰਾਖੰਡ ਅਤੇ ਉੱਤਰੀ ਉੱਤਰ ਪ੍ਰਦੇਸ਼ ਵਿੱਚ ਬਹੁਤ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਦੇ ਪ੍ਰਭਾਵ ਹੇਠ ਦਿੱਲੀ ਤੇ ਨੇੜਲੇ ਖੇਤਰਾਂ ਵਿੱਚ ਵੀ ਹਲਕੀ ਬਾਰਿਸ਼ ਦੀ ਸੰਭਾਵਨਾ ਹੈ। ਆਈਐੱਮਡੀ ਨੇ ਕਿਹਾ ਕਿ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਸੈਲਸੀਅਸ ਦੇ ਆਸਪਾਸ ਸੀ।