ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਅਗਸਤ
ਦਿੱਲੀ ਦੀ ਯਮੁਨਾ ਨਦੀ ਦੇ ਕਿਨਾਰੇ ਗ਼ੁਰਬਤ ਵਿੱਚ ਆਪਣਾ ਬਚਪਨ ਬਿਤਾ ਰਹੇ ਬੱਚਿਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਦਾ ਟਾਕਰਾ ਕਰਨ ਲਈ ਅੱਖਰ ਦਾ ਗਿਆਨ ਆਧੁਨਿਕ ਤਰੀਕਿਆਂ ਨਾਲ ਦੇਣ ਦਾ ਕਾਰਜ ਸਮਾਜ ਜ਼ਿੰਮੇਵਾਰੀ ਸਮਝਦੇ ਹੋਏ ‘ਤੇਜਾਸਏਸੀਆ’ ਵੱਲੋਂ ਉਪਰਾਲਾ ਕੀਤਾ ਗਿਆ ਹੈ। ਇਸ ਸਵੈ-ਸੇਵੀ ਸੰਸਥਾ ਵੱਲੋਂ ਇੱਕ ਮੋਬਾਈਲ ਬੱਸ ਤਿਆਰ ਕੀਤੀ ਗਈ ਹੈ ਜਿਸ ਵਿੱਚ 25 ਬੱਚਿਆਂ ਨੂੰ ਪੜ੍ਹਾਇਆ ਜਾ ਸਕਦਾ ਹੈ। ਇਹ ਮੋਬਾਈਲ ਬੱਸ ਯਮੁਨਾ ਨਦੀ ਕਿਨਾਰੇ ਯਮੁਨਾ ਖਾਦਰ ਦੇ ਇਲਾਕਿਆਂ ਦੀਆਂ ਝੁੱਗੀਆਂ ਵਿੱਚ ਰਹਿੰਦੇ ਬੱਚਿਆਂ ਨੂੰ ਪੜ੍ਹਾਈ ਕਰਵਾ ਰਹੀ ਹੈ। ਸੰਸਥਾ ਮੁਤਾਬਕ ਕਿਤੇ ਵੀ ਕਿਸੇ ਵੀ ਹਾਲਤਾਂ ਵਿੱਚ ਪੜ੍ਹਾਈ ਕੀਤੀ ਜਾ ਸਕਦੀ ਹੈ। ਜਦੋਂ ਦਿੱਲੀ ਵਿੱਚ ਕਰੋਨਾਮਹਾਮਾਰੀ ਕਾਰਨ ਸਕੂਲ ਤੇ ਹੋਰ ਵਿਦਿਅਕ ਸੰਸਥਾਵਾਂ ਬੰਦ ਹਨ ਉੱਦੋਂ ਇਸ ਬੱਸ ਦੀ ਵਿਲੱਖਣਤਾ ਹੈ ਕਿ ਕੋਵਿਡ-19 ਮਹਾਮਾਰੀ ਦੇ ਨੇਮਾਂ ਦੀ ਪਾਲਣਾ ਕਰਦੇ ਹੋਏ ਇਹ ਬੱਚੇ ਪੜ੍ਹਾਈ ਕਰਦੇ ਹਨ। ਮਾਰਲਿਊ ਫਲਿਪ ਨੇ ਦੱਸਿਆ ਕਿ ਅਜਿਹੀਆਂ 4 ਬੱਸਾਂ ਦਿੱਲੀ ਵਿੱਚ ਕਾਰਜਸ਼ੀਲ ਹਨ ਜੋ ਦਿਨ ਵਿੱਚ ਕੁੱਲ ਅੱਠ ਸਥਾਨਾਂ ਉਪਰ ਜਾ ਕੇ ਗ਼ਰੀਬ ਬੱਚਿਆਂ ਨੂੰ ਸਿੱਖਿਅਤ ਕਰਦੀਆਂ ਹਨ ਤੇ 2010 ਤੋਂ ਸਮਾਜ ਸੇਵਾ ਵਿੱਚ ਸੰਸਥਾ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਮੈਕਸ ਹਸਪਤਾਲ ਸਾਕੇਤ ਨਾਲ ਮਿਲ ਕੇ ਡਾਕਟਰੀ ਸਹੂਲਤਾਂ ਵੀ ਝੁੱਗੀਆਂ ਤੇ ਗ਼ਰੀਬਾਂ ਨੂੰ ਦਿੱਤੀਆਂ ਜਾਂਦੀਆਂ ਹਨ।