ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਅਗਸਤ
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਲੌਕਡਾਊਨ ਸ਼ੁਰੂ ਹੋਣ ਮਗਰੋਂ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਕਰੀਬ 15 ਫ਼ੀਸਦ ਵਿਦਿਆਰਥੀ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਨਹੀਂ ਹੋ ਸਕੇ ਤੇ ਉਹ ਬਦਲਵੇਂ ਪ੍ਰਬੰਧਾਂ ਤਹਿਤ ਆਨਲਾਈਨ ਜਾਂ ਫੋਨਾਂ ਰਾਹੀਂ ਲਈਆਂ ਜਾਂਦੀਆਂ ਜਮਾਤਾਂ ਵਿੱਚ ਵੀ ਸ਼ਾਮਲ ਨਹੀਂ ਹੋਏ।
ਉਨ੍ਹਾਂ ਕਿਹਾ ਕਿ ਹੁਣ ਸਰਕਾਰ ਵੱਲੋਂ ਟੈਲੀਫੋਨਾਂ ਰਾਹੀਂ ਜਾਂ ਅਧਿਕਾਰੀਆਂ ਵੱਲੋਂ ਖ਼ੁਦ ਜਾ ਕੇ ਉਨ੍ਹਾਂ ਨੂੰ ਇਸ ਨਵੇਂ ਪ੍ਰਬੰਧ ਤਹਿਤ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਨਲਾਈਨ ਜਾਂ ਫੋਨਾਂ ਰਾਹੀਂ ਪੜ੍ਹਾਈ ਕਰਵਾਉਣ ਲਈ ਅਧਿਆਪਕਾਂ ਨੂੰ ਹਰੇਕ ਵਿਦਿਆਰਥੀ ਨਾਲ ਨਿੱਜੀ ਸ਼ਮੂਲੀਅਤ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਗਈ ਹੈ। ਹੁਣ ਤਕ ਕਰੀਬ 15 ਫ਼ੀਸਦ ਵਿਦਿਆਰਥੀ ਅਜਿਹੇ ਹਨ ਜਿਨ੍ਹਾਂ ਦਾ ਪਤਾ ਨਹੀਂ ਹੈ ਤੇ ਉਨ੍ਹਾਂ ਦੇ ਸਕੂਲਾਂ ਨਾਲ ਸੰਪਰਕ ਨਹੀਂ ਹਨ ਜਾਂ ਸਾਡੇ ਰਿਕਾਰਡ ਮੁਤਾਬਕ ਉਨ੍ਹਾਂ ਦੇ ਫ਼ੋਨ ਨੰਬਰ ਨਹੀਂ ਮਿਲ ਰਹੇ। ਸ੍ਰੀ ਸਿਸੋਦੀਆ ਨੇ ਕਿਹਾ ਕਿ ਉਹ ਖ਼ੁਦ ਨਿੱਜੀ ਪੱਧਰ ’ਤੇ ਸਮੀਖਿਆ ਕਰ ਰਹੇ ਹਨ ਤੇ ਕੁਝ ਵਿਦਿਆਰਥੀਆਂ ਦੇ ਪਤੇ ਲਾਉਣ ਦੇ ਯੋਗ ਹੋਏ ਹਾਂ, ਉਨ੍ਹਾਂ ਦੇ ਰਿਕਾਰਡ ਵਿੱਚ ਦਰਜ ਫੋਨਾਂ ਤੋਂ ਉਹ ਨਹੀਂ ਲੱਭੇ ਜਾ ਰਹੇ। ਸਿੱਖਿਆ ਮੰਤਰੀ ਨੇ ਸਕੂਲ ਪ੍ਰਬੰਧਕ ਕਮੇਟੀਆਂ ਨੂੰ ਕਿਹਾ ਹੈ ਕਿ ਕੁਝ ਵਿਦਿਆਰਥੀ ਅਜਿਹੇ ਹਨ ਜੋ ਉੱਤਰਾਖੰਡ ਤੇ ਬਿਹਾਰ ਵਰਗੀਆਂ ਥਾਵਾਂ ‘ਤੇ ਗਏ ਹਨ ਪਰ ਅਜੇ ਵੀ ਸਾਡੇ ਨਾਲ ਜੁੜੇ ਹੋਏ ਹਨ ਤੇ ਜਮਾਤਾਂ ਨਾਲ ਜਾ ਰਹੇ ਹਨ ਤੇ ਕੰਮ ਕਰ ਰਹੇ ਹਨ।