ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਸਤੰਬਰ
ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਬੌਖਲਾਹਟ ਵਿਚ ਆ ਕੇ ਸਟੇਜਾਂ ਤੋਂ ਗੁਮਰਾਹ ਕਰਨ ਵਾਲੀ ਬਿਆਨਬਾਜ਼ੀ ਕਰ ਕੇ ਸ਼ਾਇਦ ਇਹ ਸਮਝ ਰਹੇ ਹਨ ਕਿ ਦਿੱਲੀ ਦੀ ਸੰਗਤ ਉਨ੍ਹਾਂ ਦੀ ਬਿਆਨਬਾਜ਼ੀ ’ਤੇ ਯਕੀਨ ਕਰੇਗੀ, ਪਰ ਸੰਗਤ ਪੂਰੀ ਤਰ੍ਹਾਂ ਜਾਗਰੂਕ ਹੈ ਅਤੇ ਇਸ ਬਾਰੇ ਵੀ ਜਾਣੂ ਹੈ ਕਿ ਕੌਣ ਅਟੈਚੀਆਂ ਭਰ ਕੇ ਲਿਜਾਂਦਾ ਰਿਹਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਬੁਲਾਰੇ ਸੁਦੀਪ ਸਿੰਘ ਰਾਣੀ ਬਾਗ ਵੱਲੋਂ ਕੀਤਾ ਗਿਆ। ਬੁਲਾਰੇ ਨੇ ਕਿਹਾ ਜੀ.ਕੇ. ਨੂੰ ਸ਼ਾਇਦ ਆਪਣਾ ਪਿਛੋਕੜ ਭੁੱਲ ਗਿਆ ਹੈ ਜਦੋਂ ਉਹ 1995 ਵਿਚ ਪਹਿਲੀ ਵਾਰ ਚੋਣ ਜਿੱਤੇ, ਪਰ ਜਦੋਂ ਤਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਦੀ ਬਾਂਹ ਨਹੀਂ ਫੜੀ ਜੀ.ਕੇ. ਗਲੀਆਂ ਵਿਚ ਦਰ ਦਰ ਦੀਆਂ ਠੋਕਰਾਂ ਖਾਂਦੇ ਰਹੇ ਅਤੇ ਕਦੇ ਪ੍ਰਧਾਨਗੀ ਦਾ ਅਹੁਦਾ ਹਾਸਲ ਨਹੀਂ ਕਰ ਸਕੇ। ਉਨ੍ਹਾਂ ਨੇ ਆਪਣੀ ਪਾਰਟੀ ਬਣਾ ਕੇ ਮੋਮਬੱਤੀਆਂ ਜਲਾ ਕੇ ਵੀ ਵੇਖ ਲਈਆਂ ਪਰ ਸਫਲ ਨਹੀਂ ਹੋਏ। ਸੁਖਬੀਰ ਸਿੰਘ ਬਾਦਲ ਨੇ ਹੀ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾਇਆ। ਬੁਲਾਰੇ ਨੇ ਕਿਹਾ ਕਿ ਬੌਖਲਹਾਟ ਇਸ ਕਰਕੇ ਵੀ ਹੈ ਕਿ ਉਨ੍ਹਾਂ ਨੂੰ ਇਹ ਦਿਸ ਗਿਆ ਹੈ ਕਿ ਸੰਗਤ ਉਨ੍ਹਾਂ ਤੋਂ ਗੋਲਕ ਚੋਰੀ ਦਾ ਹਿਸਾਬ ਮੰਗ ਰਹੀ ਹੈ ਪਰ ਉਹ ਹਿਸਾਬ ਦੇਣ ਦੀ ਥਾਂ ਫਜ਼ੂਲ ਦੀ ਬਿਆਨਬਾਜ਼ੀ ਕਰ ਰਹੇ ਹਨ, ਜਿਸ ਕਾਰਨ ਸੰਗਤ ਵੱਲੋਂ ਉਨ੍ਹਾਂ ਨੂੰ ਲੱਕ ਤੋੜਵੀਂ ਹਾਰ ਦੇਣੀ ਤੈਅ ਹੈ। ਇਸੇ ਲਈ ਉਹ ਘਬਰਾਏ ਹੋਏ ਹਨ।