ਕੁਲਦੀਪ ਸਿੰਘ
ਨਵੀਂ ਦਿੱਲੀ, 22 ਜਨਵਰੀ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਦੀ ਸੀਨੀਅਰ ਮੀਤ ਪ੍ਰਧਾਨ ਅਤੇ ਪੰਜਾਬੀ ਵਿਕਾਸ ਕਮੇਟੀ ਦੀ ਚੇਅਰਮੈਨ ਬੀਬੀ ਰਣਜੀਤ ਕੌਰ ਨੇ ਕੇਂਦਰ ਸਰਕਾਰ ਦੇ ਅਦਾਰੇ ਯੂਨੀਅਨ ਪਬਲਿਕ ਕਮਿਸ਼ਨ (ਸੰਘ ਲੋਕ ਸੇਵਾ ਆਯੋਗ) ਦੇ ਚੇਅਰਮੈਨ ਨੂੰ ਆੜੇ ਹੱਥੀਂ ਲੈਂਦੇ ਹੋਏ ਮੀਡੀਆ ਦੇ ਨਾਂ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਦਾ ਪੰਜਾਬੀ ਭਾਸ਼ਾ ਪ੍ਰਤੀ ਘਟੀਆ ਰਵੱਈਆ ਬੁਰੀ ਤਰ੍ਹਾਂ ਬਰਕਰਾਰ ਬਣਿਆ ਹੋਇਆ ਹੈ। ਇਸ ਦੀ ਜਿਉਂਦੀ ਜਾਗਦੀ ਮਿਸਾਲ ਪੰਜਾਬੀ ਭਾਸ਼ਾ ਰਾਹੀਂ ਸਿਵਲ ਸੇਵਾਵਾਂ ਪ੍ਰੀਖਿਆ ਪਾਸ ਕਰ ਕੇ ਆਈ.ਏ.ਐੱਸ. ਬਣਨ ਵਾਲੇ ਉਮੀਦਵਾਰਾਂ ਦੇ ਲਿਖਤੀ ਪਰਚੇ ਵਿੱਚ ਵੇਖਣ ਨੂੰ ਮਿਲੀ। ਸਿਵਲ ਸੇਵਾਵਾਂ ਦੇ ਮੁੱਖ ਵਿਸ਼ੇ ਦੇ ਪੰਜਾਬੀ ਪਰਚੇ ਵਿੱਚ ਗਲਤੀਆਂ ਦੀ ਭਰਮਾਰ ਵੇਖਣ ਨੂੰ ਮਿਲੀ। ਉਥੇ ਹੀ ਗੁਰਬਾਣੀ ਵਿੱਚ ਅਸ਼ੁੱਧੀਆਂ ਵੇਖਣ ਨੂੰ ਨਜ਼ਰ ਆਈਆਂ। ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੇ ਇਸ ਗੱਲ ਦਾ ਵਿਰੋਧ ਕੀਤਾ ਕਿ ਦੇਸ਼ ਦੇ ਸਭ ਤੋਂ ਉਚੇ ਅਹੁਦੇ ਲਈ ਹੋਣ ਵਾਲੀ ਪ੍ਰੀਖਿਆ ਵਿੱਚ ਇਸ ਤਰ੍ਹਾਂ ਦੀ ਲਾਪ੍ਰਵਾਹੀ ਕੀਤੀ ਜਾ ਰਹੀ ਹੈ। ਸੈਟ-ਏ ਦੇ ਪ੍ਰਸ਼ਨ. 1 ਦੇ ਭਾਗ (ਬੀ) ਵਿੱਚ ‘ਪੈਸ਼ਾਚੀ’ ਦੀ ਥਾਂ ‘ਪੈਸ਼ਾਦੀ’ ਲਿਖਿਆ ਹੋਇਆ ਹੈ। ਭਾਗ (ਸੀ) ਵਿੱਚ ‘ਧਾਰਨਾ’ ਨੂੰ ਬਿੰਦੀ ਲਾ ਕੇ ਲਿਖਿਆ ਗਿਆ ਹੈ। ‘ਅਨਉਚਿਤ’ ਵਿੱਚ ਅੱਧਕ ਨਹੀਂ ਪਾਈ ਗਈ। ‘ਸ੍ਵਰ’ ਨੂੰ ‘ਸਵੱਰ’, ‘ਜੀਭ’ ਨੂੰ ‘ਜੀਤ’ ਅਤੇ ‘ਬੁਲ੍ਹਾਂ’, ‘ਉਤੇ’, ‘ਮੁਕ’, ‘ਵਿਲਖਣ’ ਵਿੱਚ ਅੱਧਕ ਨਹੀਂ ਪਾਈ ਗਈ। ਪ੍ਰਸਿੱਧ ਲੇਖਕ ਗੁਰਪ੍ਰੀਤ ਸਿੰਘ ਪ੍ਰੀਤਲੜੀ ਨੂੰ ‘ਪ੍ਰੀਤ ਲੜੀ’ ਲਿਖਿਆ ਤੇ ਇਸੇ ਤਰ੍ਹਾਂ ਨਾਲ ਫ਼ਾਰਸੀ ਦੀ ਥਾਂ ‘ਪਰਸੀਅਨ’ ਅਤੇ ਰੋਮਨ ਦੀ ਥਾਂ ‘ਰੌਮਨ’ ਲਿਖਿਆ ਗਿਆ ਹੈ। ਹੀਰ ਰਾਂਝੇ ਦੇ ਕਿੱਸਾ ਕਾਵਿ ਦੇ ਬੰਦ ਵਿੱਚ ਸਰਾਇ ਨੂੰ ‘ਸਗਾਇ’ ਲਿਖਿਆ ਤੇ ਜੰਗ ਸਿੰਘਾਂ ਤੇ ਫ਼ਰੰਗੀਆਂ ਵਾਲੇ ਬੰਦ ਵਿੱਚ ਰੁਪੱਈਆ ਨੂੰ ‘ਰੁਪਣੀਆਂ’ ਵਰਗੀਆਂ ਅਨੇਕਾਂ ਗਲਤੀਆਂ ਮੌਜੂਦ ਹਨ। ਬੀਬੀ ਰਣਜੀਤ ਕੌਰ ਨੇ ਪੇਪਰ ਵਿੱਚ ਇੰਨੀ ਅਣਗਹਿਲੀ ਵਰਤਣ ਵਾਲੇ ਅਧਿਆਪਕ ਖ਼ਿਲਾਫ਼ ਸਖ਼ਤ ਐਕਸ਼ਨ ਲਈ ਯੂ.ਪੀ.ਐੱਸ.ਈ. ਨੂੰ ਕਿਹਾ ਤੇ ਦੱਸਿਆ ਕਿ ਗੁਰਬਾਣੀ ਦੀਆਂ ਗਲਤੀਆਂ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ। ਇੱਕ ਪਾਸੇ ਕੇਂਦਰ ਸਰਕਾਰ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ ਦੂਜੇ ਪਾਸੇ ਹੁਣ ਉਹ ਸਾਡੀ ਭਾਸ਼ਾ ਨਾਲ ਵੀ ਇਹੋ ਕੋਝੀਆਂ ਚਾਲਾਂ ਚੱਲ ਰਹੀ ਹੈ। ਪੰਜਾਬੀ ਭਾਸ਼ਾ ਨਾਲ ਇਹੋ ਜਿਹਾ ਸਲੂਕ ਅਸੀਂ ਕਦੇ ਵੀ ਸਹਿਣ ਨਹੀਂ ਕਰਾਂਗੇ।