ਕੁਲਦੀਪ ਸਿੰਘ
ਨਵੀਂ ਦਿੱਲੀ, 9 ਮਾਰਚ
ਪੱਤਰਕਾਰ ਅਵਨੀਤ ਕੌਰ ਭਾਟੀਆ ਵੱਲੋਂ ਪੰਜਾਬੀ ਅਤੇ ਪੰਜਾਬੀਅਤ ਲਈ ਨਵੀਂ ਪੁਲਾਂਘ ਪੁੱਟਦੇ ਹੋਏ ਸੁਨੱਖੀ ਪੰਜਾਬਣ-2020 ਮੁਕਾਬਲੇ ਦਾ ਦੂਜਾ ਸੀਜ਼ਨ ਦਿੱਲੀ ਦੇ ਸ੍ਰੀ ਸੱਤਿਆ ਸਾਈਂ ਆਡੀਟੋਰੀਅਮ ਲੋਧੀ ਰੋਡ ਦਿੱਲੀ ਵਿੱਚ ਕਰਵਾਇਆ ਗਿਆ।
ਇਸ ਮੁਕਾਬਲੇ ਵਿਚ ਦੇਸ ਭਰ ਵਿਚੋਂ 82 ਦੇ ਕਰੀਬ ਮੁਟਿਆਰਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ ਜਿਨ੍ਹਾਂ ਵਿੱਚੋਂ 20 ਮੁਟਿਆਰਾਂ ਅੰਤਿਮ ਮੁਕਾਬਲੇ ਤੱਕ ਪਹੁੰਚ ਸਕੀਆਂ। ਜੱਜਾਂ ਦੀ ਭੂਮਿਕਾ ਅਦਾਕਾਰਾ ਸੁਨੀਤਾ ਧੀਰ, ਮਿਸਿਜ਼ ਇੰਡੀਆ ਸਮਰੀਨ ਹੰਸੀ, ਗਰੇਅ ਸੁਪਰ ਮਾਡਲ ਜਗਜੀਤ ਸਿੰਘ ਸੱਭਰਵਾਲ, ਅੰਬਾਲਾ ਤੋਂ ਗਗਨਦੀਪ ਸਿੰਘ (ਵੇਕਅੱਪ ਸਿੱਖ ਦੀ ਭੂਮਿਕਾ), ਰਵਿੰਦਰ ਕੌਰ ਮਿਸਿਜ਼ ਇੰਡੀਆ 2019 ਅਤੇ ਬਖ਼ਸ਼ੀਸ਼ ਕੌਰ (ਸੀਈਓ) ਅਯੂਰ ਹਰਬਲਜ਼ ਵੱਲੋਂ ਨਿਭਾਈ ਗਈ। ਕੌਮਾਂਤਰੀ ਮਹਿਲਾ ਦਿਵਸ ਮੌਕੇ ਦਿੱਲੀ ਵਾਸੀਆਂ ਨੂੰ ਪੰਜਾਬੀ ਵਿਰਸੇ ਤੋਂ ਜਾਣੂ ਕਰਾਉਣ ਦੀ ਕੋਸ਼ਿਸ਼ ਕੀਤੀ ਗਈ।
ਸੁਨੱਖੀ ਪੰਜਾਬਣ ਮੁਕਾਬਲੇ ਵਿਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਆਉਣ ਵਾਲੀਆਂ ਮੁਟਿਆਰਾਂ ਨੂੰ ਸੋਨੇ ਦੇ ਸੱਗੀ ਫੁੱਲ ਨਾਲ ਨਿਵਾਜਿਆ ਜਾਂਦਾ ਹੈ। ਪੰਜਾਬੀ ਪਹਿਰਾਵੇ ਵਿਚ ਸਜੀਆਂ ਮੁਟਿਆਰਾਂ ਵੱਲੋਂ ਫੁਲਕਾਰੀ, ਪੰਜਾਬੀ ਲੋਕ ਨਾਚ ਤੋਂ ਇਲਾਵਾ ਮਾਰਸ਼ਲ ਆਰਟ, ਵੇਟ ਲਿਫਟਿੰਗ, ਐਕਟਿੰਗ ਅਤੇ ਲੋਕ ਸਜਾ-ਵਜਾ ਕੇ ਦਰਸ਼ਕਾਂ ਦਾ ਮਨ ਮੋਹ ਲਿਆ। ਦੇਸ਼ ਦੇ ਅੰਨਦਾਤਾ ਕਿਸਾਨ ਵੱਲੋਂ ਕੀਤੀਆਂ ਜਾ ਰਹੀਆਂ ਖ਼ੁਦਕੁਸ਼ੀਆਂ ’ਤੇ ਅਧਾਰਤ ਪੇਸ਼ ਕੀਤੀ ਗਈ ਸਕਿੱਟ ਨਾਲ ਮਾਹੌਲ ਭਾਵੁਕ ਹੋ ਉਠਿਆ। ਪ੍ਰੋਗਰਾਮ ਦੇ ਅਖੀਰਲੇ ਹਿੱਸੇ ਵਿਚ ਪੰਜਾਬ, ਪੰਜਾਬੀਅਤ ਬਾਰੇ ਜੱਜਾਂ ਵੱਲੋਂ ਸਵਾਲ ਪੁੱਛੇ ਗਏ ਜਿਸ ਦੇ ਮੁਟਿਆਰਾਂ ਵੱਲੋਂ ਬਾਖੂਬੀ ਜਵਾਬ ਦਿੱਤੇ ਗਏ। ਮੁਕਾਬਲੇ ’ਚ ਪਹਿਲੇ ਸਥਾਨ ’ਤੇ ਆਉਣ ਵਾਲੀ ਮੁਟਿਆਰ ਮਨਦੀਪ ਕੌਰ ਸੂਰੀ ਨੂੰ ਸੋਨੇ ਦੇ ਸੱਗੀ ਫੁੱਲ ਦੇ ਨਾਲ ਦੁਬਈ ਦੀ 70000 ਦੀ ਯਾਤਰਾ, ਇਕ ਸਾਈਕਲ ਅਤੇ ਨਕਦ ਇਨਾਮ ਤੇ ਗਿਫ਼ਟ ਹੈਂਪਰ ਦੇ ਕੇ ਸਨਮਾਨਿਤ ਕੀਤਾ ਗਿਆ। ਦੂਜੇ ਸਥਾਨ ’ਤੇ ਰਹਿਣ ਵਾਲੀਆਂ ਦੋ ਮੁਟਿਆਰਾਂ ਕਵਨੀਤ ਕੌਰ ਅਤੇ ਦਮਨਦੀਪ ਕੌਰ ਨੂੰ ਸੋਨੇ ਦੇ ਸੱਗੀ ਫੁੱਲ, ਗੋਆ ਦੀ ਯਾਤਰਾ, ਨਕਦ ਇਨਾਮ, ਸਾਈਕਲ ਅਤੇ ਗਿਫ਼ਟ ਹੈਂਪਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਤੀਜੇ ਸਥਾਨ ’ਤੇ ਰਹਿਣ ਵਾਲੀਆਂ ਦੋ ਮੁਟਿਆਰਾਂ ਪ੍ਰਭਜੋਤ ਕੌਰ ਅਤੇ ਗੁਨਦੀਪ ਕੌਰ ਨੂੰ ਸੋਨੇ ਦੇ ਸੱਗੀ ਫੁੱਲ, ਅੰਮ੍ਰਿਤਸਰ ਦੀ ਯਾਤਰਾ, ਸਾਈਕਲ, ਨਕਦ ਇਨਾਮ ਅਤੇ ਗਿਫ਼ਟ ਹੈਂਪਰ ਦੇ ਕੇ ਸਨਮਾਨਿਆ ਗਿਆ। ਪੰਜਾਬੀ ਵਿਰਸੇ ਨੂੰ ਸਮਰਪਿਤ ਇਨ੍ਹਾਂ ਮੁਟਿਆਰਾਂ ਨੂੰ ‘ਮ੍ਰਿਗਨੈਣੀ’, ‘ਗਿੱਧਿਆਂ ਦੀ ਰਾਣੀ’, ‘ਸੁਘੜ ਸਿਆਣੀ ਤੰਦਰੁਸਤ ਪੰਜਾਬਣ’, ‘ਗੁਣਵੰਤੀ ਪੰਜਾਬਣ’, ‘ਲੰਮੀ-ਸਲੰਮੀ ਗੁੱਤ’, ‘ਨਟਖਟ ਪੰਜਾਬਣ’, ‘ਖੂਬਸੂਰਤ ਚਾਲ’ ਵਰਗੇ ਵੱਖੋ-ਵੱਖਰੇ ਟਾਈਟਲਾਂ ਨਾਲ ਨਿਵਾਜਿਆ ਗਿਆ। ਪ੍ਰੋਗਰਾਮ ਦੇ ਅਖੀਰ ਵਿੱਚ ਅਵਨੀਤ ਭਾਟੀਆ ਨੇ ਨਾਰੀ ਸ਼ਕਤੀ ਨੂੰ ਸਿਜਦਾ ਕਰਦਿਆਂ ਕਿਹਾ ਕਿ ਹਰ ਕੋਈ ਵਿਲੱਖਣ ਹੈ, ਹਰ ਕੋਈ ਅਨਮੋਲ ਹੀਰਾ ਹੈ, ਬਸ ਇਨ੍ਹਾਂ ਹੀਰਿਆਂ ਨੂੰ ਚਮਕਾਉਣ ਦੀ ਲੋੜ ਹੈ।