ਪੱਤਰ ਪ੍ਰੇਰਕ/ਪੀਟੀਆਈ
ਨਵੀਂ ਦਿੱਲੀ, 25 ਜੁਲਾਈ
ਆਮ ਆਦਮੀ ਪਾਰਟੀ ਵੱਲੋਂ ਮਨੀਪੁਰ ਵਿੱਚ ਹਿੰਸਾ ਖ਼ਿਲਾਫ਼ ਜੰਤਰ ਮੰਤਰ ’ਤੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ‘ਆਪ’ ਦੇ ਬੁਲਾਰੇ ਰੀਨਾ ਗੁਪਤਾ ਨੇ ਕਿਹਾ ਕਿ ਭਾਰਤ ‘ਚ ਮਨੀਪੁਰ ਅਜਿਹਾ ਪਹਿਲਾ ਸਥਾਨ ਨਹੀਂ ਹੈ ਜਿੱਥੇ ਔਰਤਾਂ ‘ਤੇ ਅੱਤਿਆਚਾਰ ਹੋਏ ਹਨ। ਇਸ ਦੌਰਾਨ ਉਨ੍ਹਾਂ ਕਠੂਆ ਤੇ ਹਾਥਰਸ ’ਚ ਵਾਪਰੀਆਂ ਘਟਨਾਵਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਮਨੀਪੁਰ ਵਿੱਚ ਦੋ ਔਰਤਾਂ ਦੀ ਨਗਨ ਪਰੇਡ ਕਰਵਾਉਣ ਵਾਲੇ ਵਿਅਕਤੀਆਂ ਨੂੰ ਭਾਵੇਂ ਗ੍ਰਿਫ਼ਤਾਰ ਕਰ ਲਿਆ ਹੈ, ਪਰ ਬਿਲਕਿਸ ਬਾਨੋ ਮਾਮਲੇ ਵਿੱਚ ਮੁਲਜ਼ਮ ਬਰੀ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਦੋਂ ਮਨੀਪੁਰ ਸੜ ਰਿਹਾ ਸੀ ਤਾਂ ਪ੍ਰਧਾਨ ਮੰਤਰੀ ਵਿਦੇਸ਼ਾਂ ਦੇ ਦੌਰਿਆਂ ਵਿੱਚ ਰੁੱਝੇ ਹੋਏ ਸਨ। ਉਨ੍ਹਾਂ ਨੇ ਸਥਿਤੀ ਬਾਰੇ ਜਾਣਕਾਰੀ ਲੈਣੀ ਜ਼ਰੂਰੀ ਨਹੀਂ ਸਮਝੀ। ਇਸ ਮੌਕੇ ‘ਆਪ’ ਵਿਧਾਇਕ ਦਲੀਪ ਪਾਂਡੇ, ਜਰਨੈਲ ਸਿੰਘ, ਦੁਰਗੇਸ਼ ਪਾਠਕ, ਦਿੱਲੀ ਵਿਧਾਨ ਸਭਾ ਦੇ ਡਿਪਟੀ ਸਪੀਕਰ ਰਾਖੀ ਬਿਰਲਾ ਸਮੇਤ ਹੋਰ ਆਗੂਆਂ ਨੇ ਪ੍ਰਧਾਨ ਮੰਤਰੀ ਨੂੰ ਘੇਰਿਆ। ‘ਆਪ’ ਵਿਧਾਇਕ ਦਲੀਪ ਪਾਂਡੇ ਨੇ ਕਿਹਾ ਕਿ ਵਿਰੋਧੀ ਧਿਰ ਮਨੀਪੁਰ ਦੇ ਹਾਲਾਤ ਵਿਰੁੱਧ ਆਪਣੇ ਰੁਖ ’ਤੇ ਕਾਇਮ ਹੈ। ਜਰਨੈਲ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਹਾਲੇ ਤੱਕ ਮਨੀਪੁਰ ਦੇ ਹਾਲਾਤ ਨਾਲ ਨਹੀਂ ਨਜਿੱਠ ਸਕੇ। ਦੁਰਗੇਸ਼ ਪਾਠਕ ਨੇ ਕਿਹਾ ਕਿ ਡਬਲ ਇੰਜਣ ਦੀ ਸਰਕਾਰ ਨੇ ਦੇਸ਼ ਦਾ ਬੇੜਾ ਗਰਕ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਨਾਕਾਮੀ ਤਾਂ ਉਦੋਂ ਬਾਹਰ ਆਈ ਜਦੋਂ ਵੀਡੀਓ ਵਾਇਰਲ ਹੋਈ। ਉਥੋਂ ਦੀ ਪੁਲੀਸ ਨੇ ਲੰਬਾ ਸਮਾਂ ਮਾਮਲਾ ਦੱਬ ਕੇ ਰੱਖਿਆ ਤੇ ਹੁਣ ਦੇਸ਼ ਚ ਗੁੱਸਾ ਵਧਿਆ ਤਾਂ ਵੀ ਸੂਬੇ ਦੇ ਮੁੱਖ ਮੰਤਰੀ ਤੋਂ ਅਸਤੀਫਾ ਨਹੀਂ ਲਿਆ ਗਿਆ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਹਰ ਫਰੰਟ ਉਪਰ ਨਾਕਾਮ ਸਾਬਤ ਹੋਈ ਹੈ। ਇਸ ਮੌਕੇ ‘ਆਪ’ ਆਗੂਆਂ ਵੱਲੋਂ ਰਾਜ ਸਭਾ ਮੈਂਬਰ ਸੰਜੈ ਸਿੰਘ ਨੂੰ ਸਦਨ ਵਿੱਚੋਂ ਮੁਅੱਤਲ ਕਰਨ ਦੀ ਨਿੰਦਾ ਕੀਤੀ ਗਈ। ਉਨ੍ਹਾਂ ਕਿਹਾ ਕਿ ਲੋਕ ਆਵਾਜ਼ ਨਹੀਂ ਦਬਾਈ ਜਾ ਸਕਦੀ।