ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਮਈ
ਦਿੱਲੀ ਜਲ ਬੋਰਡ (ਡੀਜੇਪੀ) ਨੇ ਅੱਜ ਕਿਹਾ ਕਿ ਮੌਨਸੂਨ ਦੇ ਮੱਦੇਨਜ਼ਰ ਕੌਮੀ ਰਾਜਧਾਨੀ ਵਿੱਚ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ ਤੋਂ ਰੋਕਣ ਲਈ ਕਈ ਪੇਸ਼ਬੰਦੀਆਂ ਕੀਤੀਆਂ ਗਈਆਂ ਹਨ। ਜਲ ਬੋਰਡ ਨੇ ਕਿਹਾ ਕਿ ਪੀਡਬਲਿਊਡੀ ਵਿਭਾਗ ਨੇ ਘੱਟੋ-ਘੱਟ ਸੱਤ ਸਥਾਨਾਂ ਦੀ ਪਛਾਣ ਕੀਤੀ ਹੈ ਜੋ ਪਾਣੀ ਭਰਨ ਦੇ ਲਿਹਾਜ਼ ਨਾਲ ਨਾਜ਼ੁਕ ਪੁਆਇੰਟ ਹਨ ਤੇ ਵੱਖ-ਵੱਖ ਡਰੇਨਾਂ ਦਾ ਨਿਰਮਾਣ, ਪਾਣੀ ਭਰਨ ਤੋਂ ਰੋਕਣ ਲਈ ਪੰਪਾਂ ਲਗਾਉਣ ਸਮੇਤ ਕਈ ਕਦਮ ਚੁੱਕੇ ਹਨ। ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਵਿਭਾਗ ਨੇ ਦਿੱਲੀ ਵਿੱਚ ਲਗਪਗ 145 ਅਜਿਹੇ ਸਥਾਨਾਂ ਵਿੱਚੋਂ ਘੱਟੋ-ਘੱਟ ਸੱਤ ਸਥਾਨਾਂ ਦੀ ਪਛਾਣ ਕੀਤੀ ਹੈ ਜੋ ਪਾਣੀ ਭਰਨ ਦੇ ਮਾਮਲੇ ਵਿੱਚ ਨਾਜ਼ੁਕ ਪੁਆਇੰਟ ਹਨ।
ਅਧਿਕਾਰੀ ਨੇ ਕਿਹਾ ਕਿ ਇਨ੍ਹਾਂ 145 ਵਿੱਚੋਂ ਸੱਤ ਨਾਜ਼ੁਕ ਪੁਆਇੰਟ ਹਨ ਜਿਨ੍ਹਾਂ ਵਿੱਚ ਡਬਲਿਊਐੱਚਓ ਦੀ ਇਮਾਰਤ ਦੇ ਨੇੜੇ ਆਈਪੀ ਸਟੇਟ ਰਿੰਗ ਰੋਡ, ਪੁਲ ਪ੍ਰਹਲਾਦਪੁਰ ਤੇ ਮਿੰਟੋ ਬਰਿੱਜ ਦੇ ਅੰਡਰਪਾਸ, ਜ਼ਖੀਰਾ, ਓਖਲਾ, ਆਜ਼ਾਦਪੁਰ ਤੇ ਜਹਾਂਗੀਰਪੁਰੀ ਮੈਟਰੋ ਸਟੇਸ਼ਨ ਰੋਡ ਸ਼ਾਮਲ ਹਨ। ਅਧਿਕਾਰੀ ਨੇ ਕਿਹਾ ਕਿ ਜਲ ਬੋਰਡ ਸੀਸੀਟੀਵੀ ਤੇ ਵਾਧੂ ਰੱਖ-ਰਖਾਅ ਵੈਨਾਂ ਦੀ ਤਾਇਨਾਤੀ ਸਮੇਤ ਕਈ ਥੋੜ੍ਹੇ ਸਮੇਂ ਦੇ ਨਾਲ-ਨਾਲ ਲੰਬੇ ਸਮੇਂ ਦੇ ਵੱਡੇ ਕੰਮ ਲੈ ਰਿਹਾ ਹੈ।
ਪੁਲ ਪ੍ਰਹਲਾਦਪੁਰ ਅੰਡਰਪਾਸ: ਮਹਿਰੌਲੀ-ਬਦਰਪੁਰ ਰੋਡ ’ਤੇ ਸਥਿਤ ਅੰਡਰਪਾਸ ਦੱਖਣ-ਪੂਰਬੀ ਅਤੇ ਦੱਖਣੀ ਦਿੱਲੀ ਵਿਚਕਾਰ ਇੱਕ ਮਹੱਤਵਪੂਰਨ ਲਿੰਕ ਹੈ। ਬਾਰਸ਼ ਤੋਂ ਬਾਅਦ ਅੰਡਰਪਾਸ ਹਰ ਵਾਰ ਵਾਹਨਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਜਾਂਦਾ ਹੈ ਕਿਉਂਕਿ ਇਹ ਬਰਸਾਤੀ ਪਾਣੀ ਨਾਲ ਭਰ ਜਾਂਦਾ ਹੈ ਤੇ ਨਜ਼ਦੀਕੀ ਦਿੱਲੀ ਜਲ ਬੋਰਡ (ਡੀਜੇਬੀ) ਸੀਵਰ ਲਾਈਨ ਦੇ ਓਵਰਫਲੋਅ ਹੋ ਜਾਂਦਾ ਹੈ।
ਓਖਲਾ ਅੰਡਰਪਾਸ: ਪੀਡਬਲਯੂਡੀ ਵਿਭਾਗ ਨੇ ਬਾਰਸ਼ ਦੌਰਾਨ ਖੇਤਰ ਨੂੰ ਸਾਫ਼ ਰੱਖਣ ਲਈ 100 ਘੰਟੇ ਪਾਵਰ ਦੇ ਦੋ ਪੰਪਾਂ ਦੇ ਨਾਲ-ਨਾਲ ਦੋ ਸਟੋਰਮ ਵਾਟਰ ਡਰੇਨਾਂ ਦਾ ਨਿਰਮਾਣ ਕੀਤਾ ਹੈ।
ਮਿੰਟੋ ਬਰਿੱਜ ਅੰਡਰਪਾਸ: ਅਧਿਕਾਰੀਆਂ ਨੇ ਕਿਹਾ ਕਿ ਵਿਭਾਗ ਨੇ ਇਹ ਯਕੀਨੀ ਬਣਾਉਣ ਲਈ ਇੱਕ ਵੱਖਰੀ ਡਰੇਨ, ਉੱਚ ਸਮਰੱਥਾ ਵਾਲੇ ਆਟੋਮੇਟਿਡ ਵਾਟਰ ਪੰਪ, ਸੀਸੀਟੀਵੀ, ਅਲਾਰਮ ਬਣਾ ਕੇ ਇੱਕ ਵਿਕਲਪਿਕ ਨਿਕਾਸੀ ਪ੍ਰਣਾਲੀ ਸਥਾਪਤ ਕੀਤੀ ਹੈ। ‘ਡਬਲਿਊਐੱਚਓ’ ਬਿਲਡਿੰਗ ਨੇੜੇ ਰਿੰਗ ਰੋਡ ’ਤੇ ਨੌਂ ਪੰਪ ਸਥਾਪਿਤ ਕੀਤੇ ਜਾਣਗੇ। ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਰਿੰਗ ਰੋਡ ’ਤੇ ਪੁਰਾਣੇ ਪਾਵਰ ਸਟੇਸ਼ਨ ਤੋਂ ਯਮੁਨਾ ਤੱਕ ਮੌਨਸੂਨ ਦੌਰਾਨ ਪਾਣੀ ਦੇ ਆਸਾਨੀ ਨਾਲ ਨਿਕਾਸੀ ਲਈ ਇਕ ਵੱਖਰਾ ਡਰੇਨ ਵੀ ਬਣਾਇਆ ਜਾਵੇਗਾ।