ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 1 ਮਾਰਚ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਜ਼ਾਦ ਮੈਂਬਰ ਤਰਵਿੰਦਰ ਸਿੰਘ ਮਰਵਾਹ ਵੱਲੋਂ ਬਾਲਾ ਸਾਹਿਬ ਗੁਰਦੁਆਰੇ ਵਿੱਚ 7 ਮਾਰਚ ਨੂੰ ਸ਼ੁਰੂ ਹੋਣ ਜਾ ਰਹੇ ਬਾਲਾ ਸਾਹਿਬ ਹਰਿਕ੍ਰਿਸ਼ਨ ਹਸਪਤਾਲ ਦੇ ਡਾਇਲਸੈੱਸ ਕੇਂਦਰ ਬਾਰੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਆਗੂਆਂ ਤੋਂ ਸਵਾਲ ਪੁੱਛੇ ਗਏ। ਸ੍ਰੀ ਮਰਵਾਹ ਨੇ ਦੱਸਿਆ ਕਿ ਤਤਕਾਲੀ ਪ੍ਰਧਾਨ ਮਨਜੀਤ ਸਿੰਘ ਜੀਕੇ ਤੇ ਸਾਥੀ ਅਹੁਦੇਦਾਰਾਂ ਕੋਲ ਉਨ੍ਹਾਂ ਕਮੇਟੀ ਦੀਆਂ ਕਈ ਬੈਠਕਾਂ ਵਿੱਚ ਹਸਪਤਾਲ ਨੂੰ ਪੂਰਾ ਕਰਨ ਬਾਰੇ ਗੱਲ ਕੀਤੀ ਪਰ ਅੱਗੋਂ ਇਹੀ ਜਵਾਬ ਮਿਲਿਆ, ‘ਲੱਗੇ ਹੋਏ ਹਾਂ… ਲੱਗੇ ਹੋਏ ਹਾਂ।’ ਉਨ੍ਹਾਂ ਕਿਹਾ ਕਿ 7 ਸਾਲ ਤੋਂ ਵੱਧ ਸਮੇਂ ਵਿੱਚ ਇਹ ਹਸਪਤਾਲ ਸ਼ੁਰੂ ਨਹੀਂ ਕਰ ਸਕੇ ਜਦੋਂ ਕਿ ਇਹ ਅਹਿਮ ਵਾਅਦਾ 2013 ਦੀਆਂ ਕਮੇਟੀ ਚੋਣਾਂ ਦੌਰਾਨ ਕੀਤਾ ਗਿਆ ਸੀ। ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਸ੍ਰੀ ਮਾਰਵਾਹ ਨੇ ਪ੍ਰੈਸ ਕਾਨਫਰੰਸ ਦੌਰਾਨ ਪਹਿਲੇ ਸਵਾਲ ਵਿੱਚ ਹਸਪਤਾਲ ਚਲਾਉਣ ਲਈ ‘ਲੀਜ਼’ ਉਪਰ ਇਕ ਸਵੈ-ਸੇਵੀ ਸੰਸਥਾ ਨੂੰ ਦੇਣ ਬਾਰੇ ਕਮੇਟੀ ਨੂੰ ਪੁੱਛਿਆ ਤੇ ਕਿਹਾ ਕਿ ਜਨਰਲ ਹਾਊਸ ਤੋਂ ਪ੍ਰਵਾਨਗੀ ਨਹੀਂ ਲਈ ਗਈ। ਖ਼ੁਦ ਨਾ ਚਲਾ ਕੇ ਹੋਰਨਾਂ ਹਸਪਤਾਲ ਨੂੰ ਦੇਣ ਪਿੱਛੇ ਕੀ ਲਾਲਚ ਹੈ। ਇਸ ਕੇਂਦਰ ਨੂੰ ਸ਼ੁਰੂ ਕਰਨ ਲਈ ਜੋ ਇਕਰਾਰ ਕੀਤਾ ਗਿਆ ਹੈ ਉਸ ਬਾਰੇ ਸੰਗਤ ਨੂੰ ਦੱਸਣ ਦੀ ਵੀ ਉਨ੍ਹਾਂ ਮੰਗ ਕੀਤੀ। ਨਾਲ ਹੀ ਇਹ ਵੀ ਪੁੱਛਿਆ ਕਿ ਸਰਕਾਰੀ ਮਨਜ਼ੂਰੀਆਂ ਜੋ ਹਸਪਤਾਲ ਚਲਾਉਣ ਲਈ ਚਾਹੀਦੀਆਂ ਹੁੰਦੀਆਂ ਹਨ, ਕੀ ਉਹ ਲੈ ਲਈਆਂ ਗਈਆਂ ਹਨ। ਸ੍ਰੀ ਮਾਰਵਾਹ ਨੇ ਕਿਹਾ ਕਿ ਡਾਇਲੈਸਿਸ ਕੇਂਦਰ ਦੇ ਨਾਲ ਆਈਸੀਯੂ ਕਮਰਾ ਵੀ ਲਾਜ਼ਮੀ ਚਾਹੀਦਾ ਹੁੰਦਾ ਹੈ ਪਰ ਉਹ ਅਜੇ ਨਹੀਂ ਬਣਿਆ। ਉਨ੍ਹਾਂ ਦੋਸ਼ ਲਾਇਆ ਕਿ ਚੋਣਾਂ ਨੇੜੇ ਹੋਣ ਕਰਕੇ ਇਹ ਹਸਪਤਾਲ ਸ਼ੁਰੂ ਕੀਤਾ ਜਾ ਰਿਹਾ ਹੈ। ਤਰਵਿੰਦਰ ਸਿੰਘ ਮਾਰਵਾਹ ਨੇ ਦੱਸਿਆ ਕਿ ਤਤਕਾਲੀ ਪ੍ਰਧਾਨ (ਮਨਜੀਤ ਸਿੰਘ ਜੀਕੇ) ਤੇ ਹੋਰ ਸਾਥੀ ਅਹੁਦੇਦਾਰਾਂ ਕੋਲ ਹਸਪਤਾਲ ਦਾ ਮੁੱਦਾ ਉਠਾਉਂਦੇ ਰਹੇ ਪਰ ਜਵਾਬ ਮਿਲਿਆ, ‘ਲੱਗੇ ਹੋਏ ਹਾਂ… ਲੱਗੇ ਹੋਏ ਹਾਂ’