ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਮਈ
ਮਜ਼ਦੂਰ ਏਕਤਾ ਕੇਂਦਰ ਦਿੱਲੀ ਦੀਆਂ ਫੈਕਟਰੀਆਂ ਵਿੱਚ ਕੰਮ ਕਰਨ ਦੀਆਂ ਖ਼ਤਰਨਾਕ ਸਥਿਤੀਆਂ ਪ੍ਰਤੀ ਦਿੱਲੀ ਸਰਕਾਰ ਅਤੇ ਨਾਗਰਿਕ ਏਜੰਸੀਆਂ ਦੀ ਅਪਰਾਧਿਕ ਲਾਪ੍ਰਵਾਹੀ ਦੀ ਨਿਖੇਧੀ ਕੀਤੀ, ਜਿਸ ਕਾਰਨ ਅੱਗ ਲੱਗਣ ਦੀ ਇੱਕ ਹੋਰ ਦੁਖਦਾਈ ਘਟਨਾ ਵਾਪਰੀ ਹੈ। ਘਟਨਾ ਦਾ ਨੋਟਿਸ ਲੈਂਦਿਆਂ ਮਜ਼ਦੂਰ ਏਕਤਾ ਕੇਂਦਰ ਕਿਹਾ ਕਿ ਉਹ ਸਿਵਲ ਏਜੰਸੀਆਂ ਦੀ ਨਿਖੇਧੀ ਕਰਦਾ ਹੈ ਤੇ ਮੰਨਦਾ ਹੈ ਕਿ ਇਸ ਹਾਦਸੇ ਪਿੱਛੇ ਕਥਿਤ ਤੌਰ ’ਤੇ ਮਾਲਕਾਂ, ਸਥਾਨਕ ਪ੍ਰਸ਼ਾਸਨ ਅਤੇ ਪੁਲੀਸ ਗਠਜੋੜ ਦਾ ਹੱਥ ਹੈ, ਜਿਨ੍ਹਾਂ ਨੇ ਇਨ੍ਹਾਂ ਸਨਅਤੀ ਯੂਨਿਟਾਂ ਅਤੇ ਖੇਤਰਾਂ ਵਿੱਚ ਮਜ਼ਦੂਰਾਂ ਦੀ ਜਾਨ ਖਤਰੇ ਵਿੱਚ ਪਾਈ ਹੈ। ਫੈਕਟਰੀਆਂ ਵਿੱਚ ਅੱਗਜ਼ਨੀ ਦੀਆਂ ਘਟਨਾਵਾਂ ਅਕਸਰ ਵਾਪਰਦੀਆਂ ਰਹਿੰਦੀਆਂ ਹਨ। ਸੰਗਠਨ ਨੇ ਦਿੱਲੀ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਦਿੱਲੀ ਵਿੱਚ ਮਜ਼ਦੂਰਾਂ ਲਈ ਸੁਰੱਖਿਅਤ ਕੰਮ ਦੀਆਂ ਸਥਿਤੀਆਂ ਨੂੰ ਯਕੀਨੀ ਬਣਾਉਣ ਵਿੱਚ ਵਾਰ-ਵਾਰ ਨਾਕਾਮ ਰਹਿਣ ਲਈ ਤੁਰੰਤ ਅਸਤੀਫ਼ਾ ਦੇਣ। ਇਸ ਘਟਨਾ ਲਈ ਜ਼ਿੰਮੇਵਾਰ ਸਾਰੀਆਂ ਸਿਵਲ ਏਜੰਸੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ। ਇਹ ਸਖ਼ਤ ਉਪਾਅ ਕੀਤੇ ਜਾਣ ਕਿ ਫੈਕਟਰੀ ਮਾਲਕਾਂ ਦੁਆਰਾ ਕੰਮ ਦੀਆਂ ਥਾਵਾਂ ’ਤੇ ਸੁਰੱਖਿਆ ਦੀਆਂ ਸਥਿਤੀਆਂ ਨਾਲ ਸਬੰਧਤ ਸਾਰੇ ਕਾਨੂੰਨਾਂ ਦੀ ਪਾਲਣਾ ਕੀਤੀ ਜਾਵੇ। ਅਣ-ਅਧਿਕਾਰਤ ਅਤੇ ਗ਼ੈਰ-ਕਾਨੂੰਨੀ ਫੈਕਟਰੀਆਂ ਨੂੰ ਬੰਦ ਕੀਤਾ ਜਾਵੇ ਅੇ ਦੋਸ਼ੀ ਮਾਲਕਾਂ ਨੂੰ ਸਜ਼ਾ ਦਿੱਤੀ ਜਾਵੇ।