ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਨਵੰਬਰ
ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਸੌਰਭ ਭਾਰਦਵਾਜ ਨੇ ਕਿਹਾ ਕਿ ਭਾਜਪਾ ਸ਼ਾਸ਼ਿਤ ਐੱਮਸੀਡੀ ਨੇ ਵਪਾਰੀਆਂ ਤੋਂ ਪਹਿਲਾਂ ਨਾਲੋਂ 17 ਗੁਣਾ ਜ਼ਿਆਦਾ ਟੈਕਸ ਵਸੂਲਿਆ ਹੈ। ਹੁਣ ਟੈਕਸ ਘਟਾਉਣ ਤੋਂ ਬਾਅਦ ਉਹ ਕਹਿ ਰਹੇ ਹਨ ਕਿ ਜਿਨ੍ਹਾਂ ਨੇ ਆਪਣੇ ਪੈਸੇ ਜਮ੍ਹਾਂ ਕਰਵਾਏ ਹਨ, ਉਨ੍ਹਾਂ ਨੂੰ ਵਾਪਸ ਨਹੀਂ ਕੀਤਾ ਜਾਵੇਗਾ। ਭਾਜਪਾ ਦੇ ਐੱਮਸੀਡੀ ਨੇ 25 ਅਕਤੂਬਰ ਨੂੰ ਹੁਕਮ ਦਿੱਤਾ ਕਿ ਹਾਊਸ ਟੈਕਸ ਦੀਆਂ ਵਧੀਆਂ ਦਰਾਂ 31 ਮਾਰਚ, 2022 ਤੱਕ ਵਾਪਸ ਲੈ ਲਈਆਂ ਜਾਣ ਪਰ ਜਿਨ੍ਹਾਂ ਨੇ ਟੈਕਸ ਅਦਾ ਕੀਤਾ ਹੈ, ਉਨ੍ਹਾਂ ਦਾ ਪੈਸਾ ਕਦੇ ਵਾਪਸ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਵਪਾਰੀਆਂ ਨੂੰ 15 ਫ਼ੀਸਦੀ ਛੋਟ ਦੇ ਕੇ ਟੈਕਸ ਵਸੂਲਿਆ ਜਾਂਦਾ ਹੈ। ਇਹ ਵਪਾਰੀਆਂ ਤੋਂ 17 ਗੁਣਾ ਟੈਕਸ ਵਸੂਲਣ ਦੀ ਸਕੀਮ ਸੀ। ਭਾਜਪਾ ਨੇ ਐੱਮਸੀਡੀ ਚੋਣਾਂ ਤੱਕ ਲੋਕਾਂ ਨੂੰ ਮੂਰਖ ਬਣਾਉਣ ਦੀ ਨਵੀਂ ਚਾਲ ਚੱਲੀ ਹੈ। ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਸੌਰਭ ਭਾਰਦਵਾਜ ਨੇ ਅੱਜ ਪਾਰਟੀ ਹੈੱਡਕੁਆਰਟਰ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ। ਭਾਰਦਵਾਜ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੂੰ ਦਿੱਲੀ ਦੇ ਅੰਦਰ ਵਪਾਰੀਆਂ ਦੀ ਪਾਰਟੀ ਕਿਹਾ ਜਾਂਦਾ ਹੈ। ਦਿੱਲੀ ਦੇ ਛੋਟੇ-ਵੱਡੇ ਕਾਰੋਬਾਰੀਆਂ ਨੇ ਸਾਲਾਂ ਤੱਕ ਭਾਰਤੀ ਜਨ ਸੰਘ, ਜਨਤਾ ਪਾਰਟੀ ਅਤੇ ਫਿਰ ਭਾਰਤੀ ਜਨਤਾ ਪਾਰਟੀ ਨੂੰ ਚੰਦਾ ਦੇ ਕੇ ਖੜ੍ਹੇ ਕੀਤੇ। ਅੱਜ ਜਦੋਂ ਭਾਰਤੀ ਜਨਤਾ ਪਾਰਟੀ ਸੱਤਾ ਵਿੱਚ ਹੈ ਤਾਂ ਉਨ੍ਹਾਂ ਨੇ ਅਜਿਹਾ ਕੋਈ ਵੀ ਕੰਮ ਨਹੀਂ ਕੀਤਾ, ਜਿਸ ਨਾਲ ਦਿੱਲੀ ਅਤੇ ਦੇਸ਼ ਦੇ ਵਪਾਰੀ ਦਾ ਉਜਾੜਾ ਨਾ ਹੋਵੇ।