ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਜੁਲਾਈ
ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਤੇ ਵਿਧਾਇਕ ਸੌਰਭ ਭਾਰਦਵਾਜ ਨੇ ਕਿਹਾ ਕਿ ਭਾਜਪਾ ਸ਼ਾਸਤ ਐੱਮਸੀਡੀ ਦਾ ਦਿੱਲੀ ਸਰਕਾਰ ਵੱਲੋਂ ਵਿਸ਼ੇਸ਼ ਆਡਿਟ ਕਰਵਾਇਆ ਜਾਵੇਗਾ ਤਾਂ ਜੋ ਹੋ ਰਹੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਨਵੇਂ ਠੇਕੇ ਤਹਿਤ ਇਕ ਮਸ਼ੀਨ ਦਾ ਲਿਆ ਜਾ ਰਿਹਾ ਕਿਰਾਇਆ 6.30 ਲੱਖ ਰੁਪਏ ਤੋਂ ਵਧਾ ਕੇ 18.36 ਲੱਖ ਰੁਪਏ ਕੀਤਾ ਜਾ ਰਿਹਾ ਹੈ। ਵਿਧਾਇਕ ਨੇ ਸਵਾਲ ਕੀਤਾ ਕਿ ਸਿਰਫ 17.70 ਲੱਖ ਰੁਪਏ ਦੀ ਮਸ਼ੀਨ ਦਾ ਸਾਲਾਨਾ ਕਿਰਾਇਆ 2.20 ਕਰੋੜ ਕਿਵੇਂ ਹੋ ਸਕਦਾ ਹੈ। ਅੱਜ ਪਾਰਟੀ ਹੈੱਡਕੁਆਰਟਰ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੌਰਭ ਭਾਰਦਵਾਜ ਨੇ ਕਿਹਾ ਕਿ ਦੋ ਦਿਨ ਪਹਿਲਾਂ ਉੱਤਰੀ ਦਿੱਲੀ ਨਗਰ ਨਿਗਮ ਕਿਰਾਏ ’ਤੇ ਲੈਣ ਵਾਲੀਆਂ ਮਸ਼ੀਨਾਂ ਦੀ ਐੱਮਸੀਡੀ ਦੀ ਖੁਦ ਆਡਿਟ ਰਿਪੋਰਟ ਵਿਚ ਉੱਤਰੀ ਐੱਮਸੀਡੀ ਵੱਲੋਂ ਟ੍ਰਾਮਲ ਮਸ਼ੀਨਾਂ ਕਿਸ ਕਿਰਾਏ ’ਤੇ ਲਈਆਂ ਜਾਂਦੀਆਂ ਹਨ ਇਸ ਬਾਰੇ ਪ੍ਰਸ਼ਨ ਉਠਾਏ ਗਏ ਸਨ। ਜਦੋਂ ‘ਟ੍ਰਾਮਲ ਮਸ਼ੀਨ’ ਦਾ ਮਹੀਨਾਵਾਰ ਕਿਰਾਇਆ 6.30 ਲੱਖ ਰੁਪਏ ਸੀ ਉਦੋਂ ਵੀ ਉਸ ਦੇ ਆਪਣੇ ਆਡਿਟ ਰਾਹੀਂ ਇਹ ਸਵਾਲ ਉਠ ਰਹੇ ਸਨ ਕਿ ਇਹ ਪੈਸਾ ਬਹੁਤ ਜ਼ਿਆਦਾ ਸੀ। ਹੁਣ ਨਵੇਂ ਠੇਕੇ ਦੇ ਤਹਿਤ ਜੋ ਉਹ ਟ੍ਰਾਮਲ ਮਸ਼ੀਨਾਂ ਕਿਰਾਏ ’ਤੇ ਲੈਣ ਜਾ ਰਹੇ ਹਨ, ਇਹ ਕਿਰਾਇਆ 6.30 ਲੱਖ ਰੁਪਏ ਤੋਂ ਵਧਾ ਕੇ 18.36 ਲੱਖ ਰੁਪਏ ਕੀਤਾ ਜਾ ਰਿਹਾ ਹੈ। ਯਾਨੀ ਟ੍ਰਾਮਲ ਮਸ਼ੀਨਾਂ ਦਾ ਕਿਰਾਇਆ ਤਿੰਨ ਗੁਣਾ ਵਧਾਇਆ ਜਾ ਰਿਹਾ ਹੈ।