ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਜੁਲਾਈ
ਦਿੱਲੀ ਦੇ ਗਾਜ਼ੀਪੁਰ, ਓਖਲਾ ਤੇ ਭਲਸਵਾ ਵਿੱਚ ਰਾਜਧਾਨੀ ਤੋਂ ਨਿਕਲਦੇ ਕੂੜੇ ਨਾਲ ਬਣੇ ਪਹਾੜਾਂ ਤੋਂ ਨਿਜਾਤ ਪਾਉਣ ਲਈ ਇਨ੍ਹਾਂ ਕੂੜੇ ਦੇ ਢੇਰਾਂ ਦੀ ਮਿੱਟੀ ਭਰਤ ਪਾਉਣ ਲਈ ਮੁਫ਼ਤ ਦਿੱਤੀ ਜਾਵੇਗੀ। ਦਿੱਲੀ ਦੇ ਇਹ ਕੂੜਾਨੁਮਾ ਪਹਾੜ ਆਸ-ਪਾਸ ਦੇ ਲੋਕਾਂ ਲਈ ਮੁਸੀਬਤ ਬਣ ਗਏ ਹਨ ਤੇ ਐੱਮਸੀਡੀ ਲਈ ਰਾਜਧਾਨੀ ਦੇ ਰੋਜ਼ਾਨਾ ਦੇ ਸੈਂਕੜੇ ਟਨ ਕੂੜਾ ਟਿਕਾਣੇ ਲਾਉਣਾ ਮੁਸੀਬਤ ਬਣ ਚੁੱਕਾ ਹੈ। ਇਨ੍ਹਾਂ ਕੂੜਾ ਘਰਾਂ ਵਿੱਚ ਨਿਗਮ ਵੱਲੋਂ ‘ਟ੍ਰਾਮਲ ਮਸ਼ੀਨਾਂ’ ਲਾ ਕੇ ਕੂੜੇ ਦਾ ਚੂਰਾ ਬਣਾਇਆ ਜਾ ਰਿਹਾ ਹੈ ਜੋ ਆਮ ਲੋਕ ਆਪਣੀਆਂ ਨੀਵੀਆਂ ਥਾਵਾਂ ਵਿੱਚ ਭਰਤੀ ਪਾਉਣ ਲਈ ਮੁਫ਼ਤ ਇਸਤੇਮਾਲ ਕਰ ਸਕਣਗੀਆਂ। ਇੱਕ ਅਧਿਕਾਰੀ ਨੇ ਦੱਸਿਆ ਕਿ ਆਮ ਲੋਕ ਤੇ ਹੋਰ ਸਰਕਾਰੀ/ਗ਼ੈਰ-ਸਰਕਾਰੀ ਸੰਸਥਾਵਾਂ ਵੀ ਇਸ ਦਾ ਲਾਹਾ ਲੈ ਸਕਦੀਆਂ ਹਨ। ਉਸ ਨੇ ਕਿਹਾ ਕਿ ਭਲਸਵਾ, ਗਾਜ਼ੀਪੁਰ ਤੇ ਓਖਲਾ ਦੇ ਕੂੜੇ ਦੇ ਢੇਰਾਂ ਵਿੱਚ ਟ੍ਰਾਮਲ ਮਸ਼ੀਨਾਂ ਲਾਈਆਂ ਹੋਈਆਂ ਹਨ। ਇਨ੍ਹਾਂ ਮਸ਼ੀਨਾਂ ਵੱਲੋਂ ਬਣਾਈ ਗਈ ਮਿੱਟੀ ਨਾਲ ਭਰਤੀ ਪਾਈ ਜਾ ਸਕਦੀ ਹੈ ਤੇ ਇਸ ਤਰ੍ਹਾਂ ਕੂੜੇ ਦੇ ਢੇਰ ਘਟਾਏ ਜਾ ਸਕਣਗੇ। ਜਿਕਰਯੋਗ ਹੈ ਗਰਮੀਆਂ ਵਿੱਚ ਜਲਣਸ਼ੀਲ ਗੈਸ ਨਿਕਲ ਕਰਕੇ ਆਏ ਦਿਨ ਅੱਗ ਲੱਗੀ ਰਹਿੰਦੀ ਹੈ। ਹੁਣ ਮੀਂਹਾਂ ਵਿੱਚ ਢੇਰਾਂ ਵਿੱਚੋਂ ਨਿਕਲਦਾ ਪਾਣੀ ਨੇੜੇ ਦੇ ਵੱਸੋਂ ਵਾਲੇ ਇਲਾਕਿਆਂ ਨੂੰ ਗੰਧਲਾ ਕਰਦਾ ਹੈ।