ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਫਰਵਰੀ
ਸਿੰਘ ਸਭਾ ਰਾਜੌਰੀ ਗਾਰਡਨ ਦੇ ਸੰਵਿਧਾਨ ਵਿੱਚ ਤਬਦੀਲੀ ਲਈ ਬੈਠਕ ਕੀਤੇ ਜਾਣ ਮਗਰੋਂ ਹੁਣ ਇਸ ਸਿੰਘ ਸਭਾ ਦੇ ਅਹੁਦੇਦਾਰਾਂ ਵੱਲੋਂ ਅਗਲੀ ਰਣਨੀਤੀ ਉਲੀਕਣ ਲਈ ਇੱਕ ਬੈਠਕ ਪ੍ਰਧਾਨ ਹਰਮਨਜੀਤ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਇਲਾਕੇ ਦੇ ਪਤਵੰਤੇ ਨੌਜਵਾਨ ਕਾਰਕੁਨਾਂ ਤੇ ਅਹੁਦੇਦਾਰਾਂ ਨੇ ਹਿੱਸਾ ਲਿਆ। ਬੈਠਕ ਵਿੱਚ ਹੋਰਾਂ ਤੋਂ ਇਲਾਵਾ ਤੇਜਿੰਦਰ ਸਿੰਘ ਗੋਇਆ, ਹਰਬੰਸ ਸਿੰਘ ਭਾਟੀਆ, ਰਾਜਾ ਬਖ਼ਸ਼ੀ, ਪ੍ਰੀਤ ਪ੍ਰਤਾਪ ਸਿੰਘ ਆਦਿ ਸ਼ਾਮਲ ਹੋਏ। ਉਨ੍ਹਾਂ ਸਿੰਘ ਸਭਾ ਦੇ ਬੀਤੇ ਸਾਲਾਂ ਦੌਰਾਨ ਕੀਤੇ ਕਾਰਜਾਂ ਤੇ ਧਾਰਮਿਕ ਖੇਤਰ ਦੀਆਂ ਸਰਗਰਮੀਆਂ ਬਾਰੇ ਚਰਚਾ ਕੀਤੀ। ਸਿੰਘ ਸਭਾ ਦੀਆਂ ਚੱਲ ਰਹੀਆਂ ਸਿੱਖਿਆ ਸੰਸਥਾਵਾਂ ਤੇ ਸਿਹਤ ਸਹੂਲਤਾਂ ਵਿੱਚ ਸੁਧਾਰ ਕਰਨ ਸਮੇਤ ਹੋਰ ਮੁੱਦੇ ਵਿਚਾਰੇ ਗਏ। ਦੱਸਣਯੋਗ ਹੈ ਕਿ ਦਿੱਲੀ ਦੀ ਅਹਿਮ ਸਿੰਘ ਸਭਾਵਾਂ ਵਿੱਚ ਸ਼ਾਮਲ ਇਸ ਗੁਰਦੁਆਰੇ ਦੀ ਚੋਣ ਵੀ ਦੋ ਸਾਲਾਂ ਮਗਰੋਂ ਭਖਵੀਂ ਰਹਿੰਦੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਵੱਲੋਂ ਵੀ ਇਸ ਸਿੰਘ ਸਭਾ ਵਿੱਚ ਖ਼ਾਸ ਦਿਲਚਸਪੀ ਦਿਖਾਈ ਜਾਂਦੀ ਹੈ ਤੇ ਸਿਆਸੀ ਧਿਰਾਂ ਦੇ ਸਥਾਨਕ ਆਗੂ ਵੀ ਅੰਦਰਖ਼ਾਤੇ ਸਰਗਰਮ ਰਹਿੰਦੇ ਹਨ।