ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਸਤੰਬਰ
ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (ਡੀਯੂਐੱਸਯੂ) ਦੀਆਂ ਚੋਣਾਂ 2024-25 ਕਰਵਾਉਣ ਲਈ ਦਿੱਲੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਯੋਗੇਸ਼ ਸਿੰਘ ਦੀ ਪ੍ਰਧਾਨਗੀ ਹੇਠ ਯੂਨੀਵਰਸਿਟੀ ਪ੍ਰਸ਼ਾਸਨ ਦੀ ਮੀਟਿੰਗ ਹੋਈ। ਇਸ ਮੌਕੇ ਕਾਲਜ ਦੇ ਡੀਨ ਪ੍ਰੋ. ਬਲਰਾਮ ਪਾਨੀ, ਸਾਊਥ ਕੈਂਪਸ ਦੇ ਡਾਇਰੈਕਟਰ ਪ੍ਰੋ. ਪ੍ਰਕਾਸ਼ ਸਿੰਘ, ਪ੍ਰੋ. ਰਜਨੀ ਅੱਬੀ, ਡੀਨ ਵਿਦਿਆਰਥੀ ਭਲਾਈ ਪ੍ਰੋ. ਰੰਜਨ ਤ੍ਰਿਪਾਠੀ, ਡੀਯੂ ਪੀਆਰਓ ਅਨੂਪ ਲਾਥੇਰ ਅਤੇ ਹੋਰ ਅਧਿਕਾਰੀ, ਵਿਭਾਗਾਂ ਦੇ ਮੁਖੀ, ਫੈਕਲਟੀ ਡੀਨ, ਕਾਲਜਾਂ ਦੇ ਪ੍ਰਿੰਸੀਪਲ, ਡੀਯੂਐੱਸਯੂ ਚੋਣ ਅਧਿਕਾਰੀ, ਡੀਸੀਪੀ (ਉੱਤਰੀ ਜ਼ੋਨ) ਅਤੇ ਹੋਰ ਪੁਲੀਸ ਅਧਿਕਾਰੀ ਮੀਟਿੰਗ ਵਿੱਚ ਸ਼ਾਮਲ ਹੋਏ। ਡੀਯੂਐੱਸਯੂ ਲਈ ਨਿਯੁਕਤ ਮੁੱਖ ਚੋਣ ਅਧਿਕਾਰੀ ਪ੍ਰੋ. ਸਤਿਆਪਾਲ ਸਿੰਘ ਨੇ ਦੱਸਿਆ ਕਿ ਮੀਟਿੰਗ ਵਿੱਚ ਚੋਣ ਸਬੰਧੀ ਅਹਿਮ ਮੁੱਦਿਆਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਚੋਣਾਂ ਦੇ ਸੁਰੱਖਿਆ ਪ੍ਰਬੰਧਾਂ ਸਬੰਧੀ ਡੀਸੀਪੀ (ਉੱਤਰੀ ਜ਼ੋਨ) ਨੇ ਭਰੋਸਾ ਦਿੱਤਾ ਕਿ ਚੋਣਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਹਰ ਸੰਭਵ ਪੁਲੀਸ ਪ੍ਰਬੰਧ ਕੀਤੇ ਜਾਣਗੇ। ਉਮੀਦਵਾਰਾਂ ਲਈ ਯੋਗਤਾ ਦੇ ਮਾਪਦੰਡ ਲਿੰਗਦੋਹ ਕਮੇਟੀ ਦੀਆਂ ਸਿਫ਼ਾਰਸ਼ਾਂ ਅਨੁਸਾਰ ਹੋਣਗੇ, ਲਿੰਗਦੋਹ ਕਮੇਟੀ ਦੀਆਂ ਸਿਫ਼ਾਰਸ਼ਾਂ ਦੀ ਹਰ ਪੱਖੋਂ ਸਖ਼ਤੀ ਨਾਲ ਪਾਲਣਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਾਲਜ ਦੀ ਚੋਣ ਪੇਪਰ ਬੈਲਟ ਰਾਹੀਂ ਕੀਤੀ ਜਾਵੇਗੀ ਅਤੇ ਇਸ ਦਾ ਪ੍ਰਬੰਧ ਕਾਲਜਾਂ ਵੱਲੋਂ ਹੀ ਕੀਤਾ ਜਾਵੇਗਾ। ਡੀਯੂਐੱਸਯੂ ਦੇ ਅਹੁਦੇਦਾਰਾਂ ਦੀ ਚੋਣ ਲਈ ਹੀ ਈਵੀਐੱਮ ਕਾਲਜਾਂ ਦੇ ਪ੍ਰਿੰਸੀਪਲਾਂ, ਐੱਚਓਡੀਜ਼, ਡੀਨ ਨੂੰ ਸਮੇਂ-ਸਮੇਂ ’ਤੇ ਡੀਯੂਐੱਸਯੂ ਵੈੱਬਪੇਜ ’ਤੇ ਨੋਟੀਫਿਕੇਸ਼ਨ ਦੇ ਰੂਪ ਵਿੱਚ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ ਹੈ।