ਪੱਤਰ ਪ੍ਰੇਰਕ
ਨਵੀਂ ਦਿੱਲੀ 3 ਜੂਨ
ਖੇਤੀ ਕਾਨੂੰਨ ਰੱਦ ਕਰਾਉਣ ਲਈ ਦਿੱਲੀ ਦੇ ਟਿਕਰੀ ਬਾਰਡਰ ਨੇੜੇ ਪਕੌੜਾ ਚੌਕ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਚੱਲ ਰਹੀ ਸਟੇਜ ਤੋਂ ਸੰਬੋਧਨ ਕਰਦਿਆਂ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ 5 ਜੂਨ ਨੂੰ ਖੇਤੀ ਵਿਰੋਧੀ ਖੇਤੀ ਕਾਨੂੰਨਾਂ ਨੂੰ ਬਿੱਲਾਂ ਦੇ ਰੂਪ ’ਚ ਆਇਆ ਇੱਕ ਸਾਲ ਪੂਰਾ ਹੋਣ ’ਤੇ ਰੋਸ ਵਜੋਂ ਕਾਨੂੰਨਾਂ ਦੀਆਂ ਕਾਪੀਆਂ ਸਾੜਨ ਦੇ ਦਿੱਤੇ ਸੱਦੇ ਤਹਿਤ ਇਸ ਦੀ ਹੋਰ ਵੱਧ ਤਿਆਰੀ ਲਈ ਕੱਲ੍ਹ ਨੂੰ ਮੋਟਰਸਾਇਕਲਾਂ ਅਤੇ ਗੱਡੀਆਂ ’ਤੇ ਹਰਿਆਣਾ ਦੇ ਪਿੰਡਾਂ ਵਿੱਚ ਮਾਰਚ ਕਰਕੇ ਵੱਧ ਤੋਂ ਵੱਧ ਐੱਸਡੀਐੱਮ ਬਹਾਦਰਗੜ੍ਹ ਦੇ ਦਫ਼ਤਰ ਅੱਗੇ ਪਹੁੰਚਣ ਦਾ ਸੱਦਾ ਦਿੱਤਾ ਜਾਵੇਗਾ। ਉਨ੍ਹਾਂ ਸਿਆਸੀ ਵੋਟ ਪਾਰਟੀਆਂ ਦੇ ਆਗੂਆਂ ਸਬੰਧੀ ਕਿਹਾ ਕਿ ਲੋਕ ਪਿੰਡਾਂ ’ਚ ਆਇਆਂ ਨੂੰ ਉਨ੍ਹਾਂ ਨੂੰ ਹਾਰ ਪਾ ਕੇ ਤੇ ਲੱਡੂਆਂ ਨਾਲ ਸਵਾਗਤ ਕਰਦੇ ਹਨ। ਉਹੀ ਅੱਗੇ ਜਿੱਤ ਕੇ ਲੋਕਾਂ ਦੇ ਵਿਰੋਧ ਵਿੱਚ ਕਾਨੂੰਨ ਬਣਾਉਂਦੇ ਹਨ। ਪਿਛਲੇ ਸਮਿਆਂ ’ਚ ਇਹੀ ਆਗੂ ਕਿਸਾਨ ਜਥੇਬੰਦੀਆਂ ’ਤੇ ਕਰਜ਼ਾ ਦੱਬਣ ਦਾ ਠੱਪਾ ਲਾ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਸਨ ਉਨ੍ਹਾਂ ਪੰਜਾਬ ਦੀ ਉਦਾਹਰਨ ਦਿੰਦਿਆਂ ਕਿਹਾ ਕਿ 2006 ਵਿੱਚ ਪੰਜਾਬ ਦੀ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਰਨਾਲਾ ਨੇੜੇ ਤਿੰਨ ਪਿੰਡਾਂ ਦੀ ਜ਼ਮੀਨ ਧੱਕੇ ਨਾਲ ਇੱਕ ਕੰਪਨੀ ਨੂੰ ਦੇ ਦਿੱਤੀ ਤੇ ਇਸ ਖ਼ਿਲਾਫ਼ ਸੰਘਰਸ਼ ਕਰਨ ਵਾਲੇ ਕਿਸਾਨਾਂ ਖ਼ਿਲਾਫ਼ ਰਾਜ ਦੀ ਸਾਰੀ ਰਾਜ ਮਸ਼ੀਨਰੀ ਲੋਕਾਂ ਵਿਰੁੱਧ ਝੋਕ ਦਿੱਤੀ ਅਤੇ ਉਸ ਤੋਂ ਬਾਅਦ 2007 ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਇਹੀ ਕੁੱਝ ਕੀਤਾ। ਅਖ਼ੀਰ ਜਥੇਬੰਦੀ ਨੇ ਸੰਘਰਸ਼ ਕਰਕੇ ਹੀ ਕਿਸਾਨਾਂ ਨੂੰ ਇਨਸਾਫ਼ ਦਿਵਾਇਆ ਸੀ। ਗੁਰਮੇਲ ਸਿੰਘ ਭਰੋਵਾਲ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਪੰਜਾਬ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਸੈਂਟਰ ਦੀ ਭਾਜਪਾ ਹਕੂਮਤ ਲੋਕਾਂ ਨਾਲ ਧੱਕਾ ਕਰ ਰਹੀ ਹੈ।
ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ
ਨਵੀਂ ਦਿੱਲੀ (ਪੱਤਰ ਪ੍ਰੇਰਕ): ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਮਹਿਮਾ ਨੇ ਦੱਸਿਆ ਕਿ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਭਾਰਤੀ ਕਿਸਾਨ ਮੰਚ ਬੂਟਾ ਸਿੰਘ ਸ਼ਾਦੀਪੁਰ ਦੀ ਪ੍ਰਧਾਨਗੀ ਹੇਠ ਹੋਈ। ਚੱਲ ਰਹੇ ਅੰਦੋਲਨ ਦਾ ਪੂਰਾ ਜਾਇਜ਼ਾ ਲਿਆ ਵੱਡੀ ਪੱਧਰ ਤੇ ਜਥੇ ਅੰਦੋਲਨ ਵਿੱਚ ਸ਼ਾਮਲ ਹੋ ਰਹੇ ਹਨ। ਝੋਨੇ ਦੇ ਸੀਜ਼ਨ ਦੌਰਾਨ ਵੀ ਕਿਸਾਨਾਂ ਦੇ ਜਥੇ ਅਤੇ ਕਿਸਾਨ ਬੀਬੀਆਂ ਦੇ ਜਥੇ ਵੱਡੀ ਪੱਧਰ ਤੇ ਅੰਦੋਲਨ ਵਿਚ ਸ਼ਮੂਲੀਅਤ ਕਰਦੇ ਰਹਿਣਗੇ। ਦਿੱਲੀ ਦੇ ਬਾਰਡਰ ਤੇ ਚੱਲ ਰਿਹਾ ਕਿਸਾਨ ਅੰਦੋਲਨਾਂ ਤਿੰਨੋਂ ਕਿਸਾਨਾਂ ਵਿਰੋਧੀ ਕਾਨੂੰਨ ਰੱਦ ਕਰਵਾਉਣ ਤੇ ਐੱਮਐੱਸਪੀ ਤੇ ਕਾਨੂੰਨ ਬਣਵਾਉਣ ਤੱਕ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ 5 ਜੂਨ ਨੂੰ ਬੀਜੇਪੀ ਦੇ ਆਗੂਆਂ ਤੇ ਦਫ਼ਤਰਾਂ ਮੂਹਰੇ ਕਾਪੀਆਂ ਸਾੜੀਆਂ ਜਾਣਗੀਆਂ। 6 ਜੂਨ ਨੂੰ ਘੱਲੂਘਾਰਾ ਦਿਵਸ ਤੇ ਅਰਦਾਸ ਕੀਤੀ ਜਾਵੇਗੀ ਅਤੇ 6 ਜੂਨ 2017 ਨੂੰ ਮੰਦਸੌਰ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਦਿੱਲੀ ਦੇ ਸਾਰੇ ਮੋਰਚਿਆ ਸਟੇਜਾਂ ਤੇ ਸ਼ਰਧਾਂਜਲੀਆਂ ਦਿੱਤੀਆਂ ਜਾਣਗੀਆਂ 9 ਜੂਨ ਨੂੰ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦਾ ਦਿਨ ਸਿੰਘੂ ਸਟੇਜ ਤੋਂ ਮਨਾਇਆ ਜਾਵੇਗਾ।