ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਫਰਵਰੀ
ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ (ਪੀਪੀਪੀ) ਮਾਡਲ ’ਤੇ ਭਾਰਤ ਵਿੱਚ ਮੈਟਰੋ ਰੇਲ ਪ੍ਰਣਾਲੀਆਂ ਲਈ ਸਵਦੇਸ਼ੀਕਰਨ ਤਹਿਤ ਦਿੱਲੀ ਮੈਟਰੋ ਨੇ ਆਪਣੇ ਚੱਲ ਰਹੇ ਪੜਾਅ-4 ਦੇ ਵਿਸਥਾਰ ਤਹਿਤ ਤਿੰਨ ਤਰਜੀਹੀ ਗਲਿਆਰਿਆਂ ਲਈ ਲਿਫਟਾਂ ਅਤੇ ਐਸਕੇਲੇਟਰਾਂ ਦੀ ਲੀਜ਼ ਤੇ ਰੱਖ-ਰਖਾਅ ਲਈ ਪਹਿਲਾ ਠੇਕਾ ਦਿੱਤਾ ਹੈ। ਡੀਐੱਮਆਰਸੀ ਦੇ ਬੁਲਾਰੇ ਨੇ ਕਿਹਾ ਕਿ ਪੀਪੀਪੀ ਮਾਡਲ ’ਤੇ ਅਧਾਰਤ ਜਨਤਕ ਬੁਨਿਆਦੀ ਢਾਂਚਾ ਪ੍ਰਾਜੈਕਟ ਦੀ ਫੰਡਿੰਗ ਲਈ ਭਾਰਤ ਵਿੱਚ ਅਪਣਾਇਆ ਗਿਆ ਇਸ ਖੇਤਰ ਵਿੱਚ ਇਹ ਆਪਣੀ ਕਿਸਮ ਦਾ ਪਹਿਲਾ ਇਤਿਹਾਸਕ ਵਿੱਤੀ ਮਾਡਲ ਹੈ। ਪੀਪੀਪੀ ਤਹਿਤ ਮੈਸਰਜ਼ ਜੌਹਨਸਨ ਲਿਫਟਸ, ਚੇਨੱਈ (ਅਰਥਾਤ ਵਿਕਰੇਤਾ) ਸ਼ੁਰੂ ਵਿੱਚ ਲਿਫਟਾਂ ਤੇ ਐਸਕੇਲੇਟਰਾਂ ਦੇ ਡਿਜ਼ਾਈਨ, ਨਿਰਮਾਣ, ਸਪਲਾਈ, ਸਥਾਪਨਾ, ਟੈਸਟਿੰਗ ਅਤੇ ਚਾਲੂ ਕਰਨ ਲਈ ਸਮੁੱਚੀ ਲਾਗਤ ਦਾ ਭਾਰ ਚੁੱਕੇਗਾ ਤੇ 15 ਸਾਲਾਂ ਦੀ ਮਿਆਦ ਲਈ ਉਨ੍ਹਾਂ ਦੀ ਸਾਂਭ-ਸੰਭਾਲ ਕਰੇਗਾ।
ਇਸ ਤੋਂ ਇਲਾਵਾ ਇਹ ਲਿਫਟਾਂ ਪੂਰੀ ਤਰ੍ਹਾਂ ਸਵਦੇਸ਼ੀ ਹਨ ਅਤੇ ਪਹਿਲੀ ਵਾਰ ਐਸਕੇਲੇਟਰਾਂ ਨੂੰ 65 ਫ਼ੀਸਦੀ ਦੇ ਪੱਧਰ ਤੱਕ ਸਵਦੇਸ਼ੀ ਬਣਾਇਆ ਜਾਵੇਗਾ। ਹੁਣ ਤੱਕ ਭਾਰੀ ਡਿਊਟੀ ਐਪਲੀਕੇਸ਼ਨਾਂ ਲਈ ਐਸਕੇਲੇਟਰ ਪੂਰੀ ਤਰ੍ਹਾਂ ਆਯਾਤ ਕੀਤੇ ਜਾ ਰਹੇ ਸਨ। ਇਸ ਨਾਲ ‘ਮੇਕ ਇਨ ਇੰਡੀਆ’ ਪਹਿਲਕਦਮੀ ਨੂੰ ਹੋਰ ਹੁਲਾਰਾ ਮਿਲੇਗਾ।
ਨਵੀਂ ਅਧਿਕਾਰਤ ਵੈੱਬਸਾਈਟ ਅਤੇ ਮੋਬਾਈਲ ਐਪਲੀਕੇਸ਼ਨ ਲਾਂਚ
ਕੇਂਦਰ ਦੀ ‘ਡਿਜੀਟਲ ਇੰਡੀਆ’ ਪਹਿਲਕਦਮੀ ਅਨੁਸਾਰ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਹਾਲ ਹੀ ਵਿੱਚ ਆਪਣੀ ਨਵੀਂ ਅਧਿਕਾਰਤ ਵੈੱਬਸਾਈਟ ਅਤੇ ਮੋਬਾਈਲ ਐਪਲੀਕੇਸ਼ਨ ਲਾਂਚ ਕੀਤੀ ਹੈ। ਡੀਐਮਆਰਸੀ ਨੇ ਦਾਅਵਾ ਕੀਤਾ ਕਿ ਅੱਪਡੇਟ ਕੀਤੀ ਵੈੱਬਸਾਈਟ ਤੇ ਐਪ ਮੈਟਰੋ ਰੇਲਵੇ ‘ਤੇ ਦੁਨੀਆ ਦੇ ਸਭ ਤੋਂ ਵੱਧ ਵਿਸ਼ੇਸ਼ਤਾਵਾਂ ਵਾਲੇ ਤੇ ਉੱਨਤ ਇੰਟਰ-ਐਕਟਿਵ ਡਿਜੀਟਲ ਪਲੇਟਫਾਰਮਾਂ ਵਿੱਚੋਂ ਇੱਕ ਹਨ। ਦੁਨੀਆ ਦੇ ਪ੍ਰਮੁੱਖ ਮੈਟਰੋ ਪ੍ਰਣਾਲੀਆਂ ਦੇ ਅਧਿਕਾਰਤ ਵੈੱਬ ਪੋਰਟਲ ਦੇ ਇੱਕ ਤੁਲਨਾਤਮਕ ਅਧਿਐਨ ਤੋਂ ਪਤਾ ਚੱਲਿਆ ਹੈ ਕਿ ਦਿੱਲੀ ਮੈਟਰੋ ਦੀ ਵੈੱਬਸਾਈਟ ਵਿੱਚ ਹੋਰ ਸ਼ਹਿਰਾਂ ਵਿੱਚ ਕੰਮ ਕਰਨ ਵਾਲੀਆਂ ਹੋਰ ਸਮਾਨ ਵੈੱਬਸਾਈਟਾਂ ਦੇ ਮੁਕਾਬਲੇ ਯਾਤਰੀਆਂ ਦੀ ਸਹੂਲਤ ਲਈ ਵਧੇਰੇ ਵਿਸ਼ੇਸ਼ਤਾਵਾਂ ਹਨ। ਦਿੱਲੀ ਮੈਟਰੋ ਨੇ ਪਹਿਲੀ ਵਾਰ ਆਪਣੀ ਵੈੱਬਸਾਈਟ ਅਤੇ ਮੋਬਾਈਲ ਐਪ ਨੂੰ ਦੋਵੇਂ ਪਲੇਟਫਾਰਮਾਂ ‘ਤੇ ਤੇਜ਼ੀ ਨਾਲ ਅਪਡੇਟ ਅਤੇ ਜਾਣਕਾਰੀ ਦੇ ਪ੍ਰਵਾਹ ਨੂੰ ਯਕੀਨੀ ਬਣਾਉਣ ਲਈ ਏਕੀਕ੍ਰਿਤ ਕੀਤਾ ਹੈ।