ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਮਈ
ਮਹਿਲਾ ਅਤੇ ਬਾਲ ਵਿਕਾਸ ਮੰਤਰੀ ਰਾਜਿੰਦਰ ਪਾਲ ਗੌਤਮ ਵੱਲੋਂ ਅੱਜ ਪੌਸ਼ਟਿਕ ਭੋਜਨ ਦੀ ਗੁਣਵੱਤਾ ਦਾ ਮੁਆਇਨਾ ਕਰਨ ਲਈ ਘਰ-ਘਰ ਦੌਰਾ ਕੀਤਾ ਗਿਆ। ਰਾਜਿੰਦਰ ਪਾਲ ਗੌਤਮ ਨੇ ਵਜ਼ੀਰਪੁਰ ਦੀ ਜੇ ਜੇ ਕਲੋਨੀ, ਅਸ਼ੋਕ ਵਿਹਾਰ ਵਿੱਚ ਸ਼ਕਤੀ ਨਗਰ ਐਕਸਟੈਂਸ਼ਨ ਤੇ ਸਬਜ਼ੀ ਮੰਡੀ ਖੇਤਰ ਵਿੱਚ ਆਰੀਆ ਪੁਰਾ ਵਿੱਚ ਲੋਕਾਂ ਤੋਂ ਖਾਣੇ ਸਬੰਧੀ ‘ਪ੍ਰਤੀਕਿਰਿਆ’ ਹਾਸਲ ਕੀਤੀ।
ਇਸ ਦੌਰਾਨ ਅਧਿਕਾਰੀਆਂ ਨੇ ਕਿਹਾ ਕਿ ਇਸ ਯੋਜਨਾ ਤਹਿਤ ਕਿਸੇ ਵੀ ਤਰ੍ਹਾਂ ਦੀਆਂ ਕੁਤਾਹੀਆਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਜੇਕਰ ਕੋਈ ਗੜਬੜ ਹੁੰਦੀ ਹੈ ਤਾਂ ਗੜਬੜ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਛੋਟੇ ਬੱਚਿਆਂ, ਗਰਭਵਤੀ ਤੇ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਲਈ ਪੌਸ਼ਟਿਕ ਅਹਾਰ ਵਿੱਚ ਕਿਸੇ ਤਰ੍ਹਾਂ ਦੀ ਗੜਬੜ ਆਗਿਆ ਨਹੀਂ ਹੋਵੇਗੀ। ਇਸ ਮੌਕੇ ਗੌਤਮ ਨੇ ਏਕੀਕ੍ਰਿਤ ਬਾਲ ਵਿਕਾਸ ਯੋਜਨਾ ਆਈ.ਸੀ.ਡੀ.ਐੱਸ. ਅਧੀਨ ਮੁਹੱਈਆ ਕਰਵਾਏ ਜਾਂਦੇ ਪੋਸ਼ਣ ਸਬੰਧੀ ਭੋਜਨ ਦੀ ਗੁਣਵੱਤਾ ਤੇ ਮਾਤਰਾ ਦਾ ਮੁਆਇਨਾ ਕੀਤਾ। ਜ਼ਿਕਰਯੋਗ ਹੈ ਕਿ ਮਹਿਲਾ ਤੇ ਬਾਲ ਵਿਕਾਸ ਮੰਤਰੀ ਵੱਲੋਂ ਤਾਲਾਬੰਦੀ ਦੌਰਾਨ ਵੱਖ-ਵੱਖ ਵਿਭਾਗਾਂ ਦੇ ਸੰਸਥਾਵਾਂ, ਬੱਚਿਆਂ ਦੇ ਘਰਾਂ, ਆਸ਼ਰਮਾਂ ਆਦਿ ਦਾ ਲਗਾਤਾਰ ਦੌਰਾ ਕੀਤਾ ਜਾ ਰਿਹਾ ਹੈ।
ਅੱਜ ਦੇ ਮੁਆਇਨੇ ਦੌਰਾਨ ਵਜ਼ੀਰਪੁਰ ਤੋਂ ਵਿਧਾਇਕ ਰਾਜੇਸ਼ ਗੁਪਤਾ ਉਨ੍ਹਾਂ ਦੇ ਨਾਲ ਸਨ। ਇਸ ਯੋਜਨਾ ਦੇ ਤਹਿਤ, ਪੌਸ਼ਟਿਕ ਭੋਜਨ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ ਔਰਤਾਂ ਨੂੰ ਮਹੀਨੇ ਵਿੱਚ ਦੋ ਵਾਰ ਦਿੱਤਾ ਜਾਂਦਾ ਹੈ। ਇਸ ਖੁਰਾਕ ਵਿਚ ਕੱਚੀ ਕਣਕ ਦਾ ਦਲੀਆ, ਕੱਚਾ ਕਾਲਾ ਚੂਰ, ਮਿੱਠੀ ਖਿੱਲ ਅਤੇ ਭੁੰਨੇ ਹੋਏ ਚਣੇ ਨੂੰ ਨਿਰਧਾਰਤ ਮਾਪਦੰਡਾਂ ਅਨੁਸਾਰ ਦਿੱਤਾ ਜਾਂਦਾ ਹੈ। ਮਹਿਲਾ ਤੇ ਬਾਲ ਵਿਕਾਸ ਮੰਤਰੀ ਪੌਸ਼ਟਿਕ ਮੁਹਿੰਮ ਤਹਿਤ ਦਿੱਤੀ ਜਾ ਰਹੀ ਖੁਰਾਕ ਦੀ ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈਣ ਲਈ ਘਰ-ਘਰ ਜਾ ਕੇ ਗੁਣਵੱਤਾ ਦਾ ਨਿਰੀਖਣ ਕੀਤਾ।