ਨਵੀਂ ਦਿੱਲੀ, 1 ਨਵੰਬਰ
ਸ਼ਾਹਦਰਾ ਦੇ ਫਰਸ਼ ਬਾਜ਼ਾਰ ਇਲਾਕੇ ਵਿੱਚ ਦੀਵਾਲੀ ਦੀ ਸ਼ਾਮ ਨੂੰ ਹੋਈ ਗੋਲੀਬਾਰੀ ਦੇ ਮਾਮਲੇ ਵਿਚ ਪੁਲੀਸ ਨੇ ਇਕ ਨਾਬਾਲਗ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਗੋਲੀਬਾਰੀ ਵਿਚ ਇੱਕ ਵਿਅਕਤੀ ਅਤੇ ਉਸ ਦੇ ਭਤੀਜੇ ਦੀ ਮੌਤ ਹੋ ਗਈ ਸੀ ਜਦੋਂ ਕਿ ਉਸ ਦਾ 15 ਸਾਲਾ ਲੜਕਾ ਜ਼ਖਮੀ ਹੋ ਗਿਆ ਸੀ। ਜਾਣਕਾਰੀ ਅਨੁਸਾਰ ਆਕਾਸ਼ ਸ਼ਰਮਾ ਆਪਣੇ ਪੁੱਤਰ ਤੇ ਭਤੀਜੇ ਨਾਲ ਘਰ ਦੇ ਬਾਹਰ ਦੀਵਾਲੀ ਮਨਾ ਰਿਹਾ ਸੀ ਕਿ ਉਸ ’ਤੇ ਹਮਲਾ ਕੀਤਾ ਗਿਆ। ਪੁਲੀਸ ਅਧਿਕਾਰੀਆਂ ਅਨੁਸਾਰ ਮੁਲਜ਼ਮ ਦੀ ਪਛਾਣ ਪੀੜਤ ਦੇ ਦੂਰ ਦੇ ਰਿਸ਼ਤੇਦਾਰ ਵਜੋਂ ਹੋਈ ਹੈ। ਪੁਲੀਸ ਵੱਲੋਂ ਕੀਤੀ ਪੁੱਛਗਿੱਛ ਵਿਚ ਨਾਬਾਲਗ ਨੇ ਦੱਸਿਆ ਕਿ ਉਸ ਦਾ ਆਕਾਸ਼ ਸ਼ਰਮਾ ਨਾਲ 70,000 ਰੁਪਏ ਨੂੰ ਲੈ ਕੇ ਝਗੜਾ ਹੋਇਆ ਸੀ, ਜਿਸ ਕਾਰਨ ਉਸ ਨੂੰ ਮਾਰਨ ਦੀ ਸਾਜ਼ਿਸ਼ ਰਚੀ ਗਈ ਸੀ।
ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਨਾਬਾਲਗ ਨੇ ਆਪਣੇ ਰਿਸ਼ਤੇਦਾਰ ਨੂੰ ਮਾਰਨ ਲਈ ਸ਼ੂਟਰਾਂ ਦਾ ਪ੍ਰਬੰਧ ਕੀਤਾ। ਇਸ ਸਬੰਧੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ ਜਿਸ ਦੀ ਸੀਸੀਟੀਵੀ ਫੁਟੇਜ ਵਿੱਚ ਦੋ ਵਿਚੋਂ ਇੱਕ ਜਣੇ ਨੇ ਆਕਾਸ਼ ਸ਼ਰਮਾ ਦੇ ਪੈਰ ਛੂਹੇ ਤੇ ਦੂਜੇ ਨੇ ਉਸ ’ਤੇ ਗੋਲੀਆਂ ਚਲਾਈਆਂ। ਪੁਲੀਸ ਨੇ ਦੱਸਿਆ ਕਿ ਗੋਲੀਆਂ ਲੱਗਣ ਤੋਂ ਬਾਅਦ ਤਿੰਨਾਂ ਪੀੜਤਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਆਕਾਸ਼ ਅਤੇ ਰਿਸ਼ਭ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਜਦਕਿ ਕ੍ਰਿਸ਼ ਦਾ ਇਲਾਜ ਚੱਲ ਰਿਹਾ ਹੈ। ਪੁਲੀਸ ਦੇ ਡਿਪਟੀ ਕਮਿਸ਼ਨਰ (ਸ਼ਾਹਦਰਾ) ਪ੍ਰਸ਼ਾਂਤ ਗੌਤਮ ਨੇ ਕਿਹਾ ਕਿ ਇਸ ਮਾਮਲੇ ਵਿਚ ਇਕ ਨਾਬਾਲਗ ਨੂੰ ਕਾਬੂ ਕੀਤਾ ਗਿਆ ਹੈ ਜੋ ਪੀੜਤਾਂ ਦਾ ਦੂਰ ਦਾ ਰਿਸ਼ਤੇਦਾਰ ਹੈ। ਪੁਲੀਸ ਦੇ ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਆਕਸ਼ ਦੀ ਘਰ ਦੇ ਨੇੜੇ ਕਾਸਮੈਟਿਕ ਸਾਮਾਨ ਦੀ ਦੁਕਾਨ ਹੈ ਅਤੇ ਉਸ ’ਤੇ ਜੂਏ ਦੇ ਦੋਸ਼ ਹੇਠ ਕਈ ਵਾਰ ਕੇਸ ਦਰਜ ਕੀਤਾ ਗਿਆ ਸੀ। ਆਕਾਸ਼ ਦੇ ਭਾਈ ਖ਼ਿਲਾਫ਼ ਵੀ ਕਈ ਅਪਰਾਧਕ ਮਾਮਲੇ ਦਰਜ ਹਨ ਪਰ ਉਹ ਘਟਨਾ ਮੌਕੇ ਘਟਨਾ ਸਥਾਨ ’ਤੇ ਮੌਜੂਦ ਨਹੀਂ ਸੀ। -ਪੀਟੀਆਈ