ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਅਗਸਤ
ਦੱਖਣੀ ਦਿੱਲੀ ਦੇ ਸੰਗਮ ਵਿਹਾਰ ਦੀ ਇਕ ਦੁਕਾਨ ਵਿੱਚ ਪਏ ਆਂਡਿਆਂ ਉਪਰ ਇੱਟ ਡਿੱਗਣ ਕਾਰਨ ਹੋਏ ਝਗੜੇ ਵਿੱਚ ਇਕ ਨਾਬਾਲਗ ਲੜਕੇ ਮੁਹੰਮਦ ਫੈਜ਼ਾਨ ਦਾ ਫਾਰੂਖ਼ ਨਾਂ ਦੇ ਨੌਜਵਾਨ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਿ ਇੱਥੇ ਤਾਜ ਮੁਹੰਮਦ ਦੀ ਦੁਕਾਨ ਦੇ ਬਾਹਰ ਰੱਖੀ ਇਕ ਆਂਡਿਆਂ ਦੀ ਟਰੇਅ ਉਪਰ ਇਕ ਇੱਟ ਡਿੱਗ ਗਈ, ਇਹ ਉਦੋਂ ਹੋਇਆ ਜਦੋਂ ਮੁਹੰਮਦ ਫੈਜ਼ਾਨ, ਉਸ ਦਾ ਪਿਓ ਤੇ ਭਰਾ ਇਕ ਦੁਕਾਨ ਦੇ ਬਾਹਰ ਇੱਟਾਂ ਰੱਖ ਰਹੇ ਸਨ। ਦੋਨਾਂ ਧਿਰਾਂ ਦਰਮਿਆਨ ਬਹਿਸ ਹੋਈ ਤੇ ਮ੍ਰਿਤਕ ਦੇ ਪਿਤਾ ਦੇ ਆਂਡਿਆਂ ਦਾ ਮੁੱਲ ਤਾਰ ਦੇਣ ਦੇ ਭਰੋਸੇ ਨਾਲ ਮਾਮਲਾ ਸ਼ਾਂਤ ਹੋ ਗਿਆ, ਪਰ ਫਿਰ ਕੁਝ ਸਮੇਂ ਮਗਰੋਂ ਦੁਕਾਨਦਾਰ ਦਾ ਪੁੱਤਰ ਮੁੜ ਫੈਜ਼ਾਨ ਦੇ ਭਰਾ ਮੁਹੰਮਦ ਜਮੀਲ ਨਾਲ ਖਹਬਿੜ ਪਿਆ। ਫ਼ੈਜ਼ਾਨ ਨੂੰ ਅਚਾਨਕ ਮੁਹੰਮਦ ਨੇ ਚਾਕੂ ਖੋਭ ਦਿੱਤਾ ਤੇ ਮੌਕੇ ਤੋਂ ਫ਼ਰਾਰ ਹੋ ਗਿਆ। ਜ਼ਖ਼ਮੀ ਨੂੰ ਨੇੜੇ ਦੇ ਹਸਪਤਾਲ ਪੁੱਜਦਾ ਕੀਤਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਮੀਲ ਦੀ ਸ਼ਿਕਾਇਤ ਉਪਰ ਦਿੱਲੀ ਪੁਲੀਸ ਨੇ ਮੁੱਕਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਮੀਲ ਨੇ ਕਿਹਾ ਕਿ ਪਹਿਲਾਂ ਮਾਮਲਾ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਮੁੜ ਦੁਕਾਨਦਾਰ ਦਾ ਪੁੱਤਰ ਝਗੜੇ ‘ਤੇ ਉਤਾਰੂ ਹੋ ਗਿਆ। ਝਗੜੇ ਵਿੱਚ ਬਚਾਉਂਦੇ ਹੋਏ ਹੀ ਫੈਜ਼ਾਨ ਦੀ ਜਾਨ ਚਲੀ ਗਈ।