ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਅਕਤੂਬਰ
ਮਾਤਾ ਸੁੰਦਰੀ ਕਾਲਜ ਫਾਰ ਵਿਮੈੱਨ ਦਿੱਲੀ ਦੇ ਇੰਟਰਨਲ ਕੁਆਲਿਟੀ ਅਸ਼ੋਰੈਂਸ ਸੈੱਲ ਨੇ ਮਾਤਾ ਸਾਹਿਬ ਕੌਰ ਆਡੀਟੋਰੀਅਮ ਵਿੱਚ ਵਿਦਿਆਰਥੀਆਂ ਲਈ ਇਕ ਓਪਨ ਹਾਊਸ ਮੀਟਿੰਗ ਦਾ ਪ੍ਰਬੰਧ ਕੀਤਾ। ਇਸ ਮੌਕੇ ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਵਿਦਿਆਰਥੀਆਂ ਦੁਆਰਾ ਕਾਲਜ ਦੀ ਪਹਿਲੀ ਮੋਬਾਈਲ ਐਪ ਲਾਂਚ ਕੀਤੀ ਗਈ, ਜੋ ਵਿਸ਼ੇਸ਼ ਤੌਰ ’ਤੇ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਤਿਆਰ ਕੀਤੀ ਗਈ ਹੈ। ਇਸ ਐਪ ਨੂੰ ਬਣਾਉਣ ਦਾ ਮੁੱਖ ਮੰਤਵ ਕਾਲਜ ਸੁਸਾਇਟੀਆਂ ਦੀਆਂ ਗਤੀਵਿਧੀਆਂ ਦੀਆਂ ਵਿਸ਼ੇਸ਼ਤਾਵਾਂ, ਨੌਕਰੀ/ਇੰਟਰਨਸ਼ਿਪ ਅਪਡੇਟ ਦੀਆਂ ਸਮੇਂ ਸਿਰ ਸੂਚਨਾਵਾਂ ਅਤੇ ਸ਼ਿਕਾਇਤਾਂ ਸਾਂਝੀਆਂ ਕਰਨਾ ਹੋਵੇਗਾ। ਇਸ ਤੋਂ ਪਹਿਲਾਂ ਸਮਾਗਮ ਦਾ ਉਦਘਾਟਨ ਕਾਲਜ ਦੀ ਪ੍ਰਿੰਸੀਪਲ ਪ੍ਰੋ. ਹਰਪ੍ਰੀਤ ਕੌਰ ਅਤੇ ਡਾ. ਲੋਕੇਸ਼ ਕੁਮਾਰ ਗੁਪਤਾ (ਡਾਇਰੈਕਟਰ-ਆਈ.ਕਿਊ.ਏ.ਸੀ.) ਦੀ ਮੌਜੂਦਗੀ ਵਿੱਚ ਕੀਤਾ ਗਿਆ। ਇਸ ਦੇ ਨਾਲ ਹੀ ਗੂਗਲ ਡਿਵੈਲਪਰ ਸਟੂਡੈਂਟ ਕਲੱਬਜ਼ (ਜੀ.ਡੀ.ਐਸ.ਸੀ.) ਦੀ ਸ਼ੁੁਰੂਆਤ ਵੀ ਕਾਲਜ ਦੁਆਰਾ ਕੀਤੀ ਗਈ। ਇਸ ਦਾ ਮੁੱਖ ਮੰਤਵ ਨਵੀਨਤਾ ਦੇ ਖੇਤਰਾਂ ਵਿਚ ਖੋਜ ਕਰਨ ਲਈ ਤਕਨੀਕੀ ਉਤਸ਼ਾਹੀਆਂ ਅਤੇ ਸਿਖਿਆਰਥੀਆਂ ਦੇ ਇਕ ਗਤੀਸ਼ੀਲ ਭਾਈਚਾਰੇ ਦਾ ਨਿਰਮਾਣ ਕਰਨ ਪ੍ਰਤੀ ਜੁੜਿਆ ਹੋਇਆ ਹੈ। ਜੀ.ਡੀ.ਐਸ.ਸੀ. ਦੀ ਫੈਕਲਟੀ ਸਲਾਹਕਾਰ ਆਸ਼ਿਮਾ ਹਸਤੀ ਨੇ ਕੋਰ ਟੀਮ ਦੀ ਜਾਣ-ਪਛਾਣ ਕਰਾਉਂਦਿਆਂ ਤਕਨਾਲੋਜੀ ਅਤੇ ਨਵੀਨਤਾ ਸੰਸਾਰ ਬਾਰੇ ਜਾਣਕਾਰੀ ਦਿੱਤੀ। ਇਸ ਸਮਾਗਮ ਵਿਚ ਸਟੂਡੈਂਟ ਓਪਨ ਹਾਊਸ ਵਿਚ ਵੱਖ-ਵੱਖ ਵਿਭਾਗਾਂ ਦੇ 600 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਗੌਰਤਲਬ ਹੈ ਕਿ ਮਾਤਾ ਸੁੰਦਰੀ ਕਾਲਜ ਇਸ ਪ੍ਰਕਾਰ ਦੀ ਤਕਨੀਕ ਨੂੰ ਸ਼ੁਰੂ ਕਰਨ ਵਾਲਾ ਦਿੱਲੀ ਯੂਨੀਵਰਸਟੀ ਦੇ ਸੱਤਵੇਂ ਕਾਲਜ ਦੀ ਸੂਚੀ ਵਿਚ ਸ਼ਾਮਲ ਹੋ ਗਿਆ ਹੈ।