ਪੱਤਰ ਪ੍ਰੇਰਕ
ਨਵੀ ਦਿੱਲੀ 9 ਅਪਰੈਲ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਔਰਤ ਜੱਥੇਬੰਦੀ ਦੀ ਆਗੂ ਪਰਮਜੀਤ ਕੌਰ ਕੋਟੜਾ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਝੂਠੇ ਦਾਅਵਿਆਂ ਦਾ ਸੱਚ ਸਾਹਮਣੇ ਆ ਰਿਹਾ ਹੈ ਕਿਉਂਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਕੀਤੇ ਜਾ ਰਹੇ ਪ੍ਰਚਾਰ ਦੇ ਉਲਟ ਖਾਦਾਂ ਤੇ ਬੀਜਾਂ ਦੇ ਰੇਟ ਵਧਣ ਨਾਲ ਅੱਜ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਦੇ ਮੁਨਾਫੇ ਦੁੱਗਣੇ ਚੌਗੁਣੇ ਵਧ ਰਹੇ ਹਨ। ਡੀਏਪੀ ਖਾਦ ਦੀ ਕੀਮਤ 1200 ਤੋਂ ਵਧ ਕੇ ਲਗਪਗ 2000 ਦੇ ਕਰੀਬ ਹੋ ਗਈ ਹੈ। ਸੰਗਰੂਰ ਦੇ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਨੇ ਕਿਹਾ ਕਿ ਨਰਮੇ ਦੇ ਬੀਟੀ ਬੀਜਾ ਦੇ ਰੇਟ ਵਿੱਚ ਚੁੱਪ ਚੁਪੀਤੇ ਵਾਧਾ ਕਰ ਦਿੱਤਾ ਹੈ। ਡੀਜ਼ਲ,ਪੈਟਰੋਲ ਦੀਆਂ ਕੀਮਤਾਂ ਹਰ ਰੋਜ਼ ਹੀ ਵਧ ਰਹੀਆਂ ਹਨ ਜਿਸ ਨਾਲ ਕਿਸਾਨਾਂ ਦੀ ਆਮਦਨ ਦੁੱਗਣੀ ਹੋਣ ਦੀ ਬਜਾਏ ਖਰਚੇ ਦੁੱਗਣੇ ਜ਼ਰੂਰ ਹੋ ਗਏ ਹਨ। ਪਰਮਜੀਤ ਕੌਰ ਕੋਟੜਾ ਨੇ ਕਿਹਾ ਕਿ ਹੁਣ ਹਕੂਮਤਾਂ ਵੱਲੋਂ ਨਵੇਂ ਆਰਥਿਕ ਸੁਧਾਰਾਂ ਦੇ ਨਾਂ ਹੇਠ ਨਵੀਆਂ ਨੀਤੀਆਂ ਅਤੇ ਕਾਨੂੰਨ ਲਾਗੂ ਕੀਤੇ ਜਾ ਰਹੇ ਹਨ ਜਿਸ ਨਾਲ ਕਿਰਤੀ ਲੋਕਾਂ ਦੀ ਜ਼ਿੰਦਗੀ ਬਦ ਤੋਂ ਹੋਰ ਬਦਤਰ ਹੋ ਰਹੀ ਹੈ। ਆਪਸ ਵਿਚ ਭਾਈਚਾਰਕ ਸਾਂਝਾਂ ਟੁੱਟ ਰਹੀਆਂ ਹਨ। ਉਨ੍ਹਾਂ ਔਰਤਾਂ ਨੂੰ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਸੰਘਰਸ਼ ਵਿੱਚ ਵੱਧ ਤੋਂ ਵੱਧ ਪਹੁੰਚਣ ਦਾ ਸੱਦਾ ਦਿੱਤਾ। ਅੱਜ ਦੀ ਸਟੇਜ ਤੋਂ ਹਰਵਿੰਦਰ ਦੀਵਾਨਾ ਦੀ ਨਿਰਦੇਸ਼ਨਾ ਹੇਠ ਚੇਤਨਾ ਕਲਾ ਕੇਂਦਰ ਬਰਨਾਲਾ ਦੀ ਟੀਮ ਵੱਲੋਂ ਨਾਟਕ ‘ਟੋਆ’ ਪੇਸ਼ ਕੀਤਾ। ਅੱਜ ਦੇ ਇਕੱਠ ਨੂੰ ਜਸਵਿੰਦਰ ਕੌਰ ਚੱਠੇਵਾਲਾ, ਜਸਮੇਲ ਕੌਰ, ਮਨਜੀਤ ਕੌਰ, ਪਿਆਰੋ ਕੌਰ ਅਤੇ ਬਲਦੇਵ ਸਿੰਘ ਸਰਾਭਾ ਨੇ ਵੀ ਸੰਬੋਧਨ ਕੀਤਾ।