ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਜਨਵਰੀ
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਦੇਸ਼ ਦੇ ਕਿਸਾਨ ਕਾਲੇ ਕਾਨੂੰਨਾਂ ਖਿਲਾਫ਼ ਅੰਦੋਲਨ ਕਰ ਕੇ ਆਪਣੀ ਜਾਨ ਗੁਆ ਰਹੇ ਹਨ ਤੇ ਕੇਂਦਰ ਦੀ ਭਾਜਪਾ ਸਰਕਾਰ ਉਨ੍ਹਾਂ ਨਾਲ ਦੇਸ਼ ਦੇ ਦੁਸ਼ਮਣਾਂ ਵਾਂਗ ਵਿਵਹਾਰ ਕਰ ਰਹੀ ਹੈ। ਅੱਥਰੂ ਗੈਸ ਦੇ ਗੋਲੇ ਕਿਸਾਨਾਂ ’ਤੇ ਜਾਰੀ ਕੀਤੇ ਜਾ ਰਹੇ ਹਨ ਤੇ ਡੰਡਿਆਂ ਨਾਲ ਕੁੱਟਿਆ ਗਿਆ ਹੈ। ਸੰਜੇ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਨੇ ਇਕ ਪ੍ਰਣ ਲਿਆ ਹੈ ਕਿ ‘ਆਪ’ ਦਾ ਹਰ ਵਰਕਰ ਕਿਸਾਨਾਂ ਦੇ ਨਾਲ ਹੈ ਤੇ ਸੰਸਦ ਤੋਂ ਲੈ ਕੇ ਸੜਕ ਤੱਕ ਦੇ ਕਾਲੇ ਕਾਨੂੰਨਾਂ ਦਾ ਵਿਰੋਧ ਕਰੇਗਾ। ਮੋਦੀ ਸਰਕਾਰ 130 ਕਰੋੜ ਲੋਕਾਂ ਦੀ ਸਰਕਾਰ ਹੈ ਪਰ ਬੱਸ ਇਹ ਪੂੰਜੀਪਤੀਆਂ ਦੀ ‘ਗੁਲਾਮ’ ਸਰਕਾਰ ਹੈ। ਜਦ ਤੱਕ ਇਹ ਸਰਮਾਏਦਾਰ ਕੁਝ ਨਹੀਂ ਕਹਿੰਦੇ ਸਰਕਾਰ ਕਰੋੜਾਂ ਕਿਸਾਨਾਂ ਦੀਆਂ ਮੰਗਾਂ ਨਹੀਂ ਸੁਣੇਗੀ। ਮੋਦੀ ਸਰਕਾਰ ਨੂੰ ਕਿਸਾਨਾਂ ਦੇ ਸਬਰ ਦੀ ਪਰਖ ਨਹੀਂ ਕਰਨੀ ਚਾਹੀਦੀ ਅਤੇ ਇਸ ਕਾਲੇ ਕਾਨੂੰਨ ਨੂੰ ਵਾਪਸ ਲੈਣਾ ਚਾਹੀਦਾ ਹੈ। ਜੇਕਰ ਕਿਸਾਨਾਂ ਦੀ ਨਾਰਾਜ਼ਗੀ ਫੈਲਦੀ ਹੈ ਤਾਂ ਸਰਕਾਰ ਨੂੰ ਇਸ ਦੇ ਬਹੁਤ ਗੰਭੀਰ ਨਤੀਜੇ ਭੁਗਤਣੇ ਪੈਣਗੇ।