ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 22 ਜਨਵਰੀ
ਇੱਥੇ ਕਰੋਨਾ ਰੋਕਾਂ ਹਟਾਉਣ ਸਬੰਧੀ ਆਮ ਆਦਮੀ ਪਾਰਟੀ ਅਤੇ ਭਾਜਪਾ ਆਪਸ ਵਿੱਚ ਮਿਹਣੋ-ਮਿਹਣੀ ਹੋ ਰਹੇ ਹਨ। ਭਾਜਪਾ ਵੱਲੋਂ ‘ਆਪ’ ਉੱਤੇ ਵਪਾਰੀਆਂ ਤੇ ਦੁਕਾਨਦਾਰਾਂ ਨਾਲ ਧੱਕਾ ਕਰਨ ਦੇ ਦੋਸ਼ ਲਾਏ ਜਾ ਰਹੇ ਹਨ ਅਤੇ ‘ਆਪ’ ਭਾਜਪਾ ’ਤੇ ਸਰਕਾਰ ਨੂੰ ਬਦਨਾਮ ਕਰਨ ਦਾ ਦੋਸ਼ ਲਾ ਰਹੀ ਹੈ। ’ਆਪ’ ਦੇ ਮੁੱਖ ਬੁਲਾਰੇ ਸੌਰਭ ਭਾਰਦਵਾਜ ਨੇ ਦਿੱਲੀ ਤੋਂ ਸ਼ਨਿਚਰਵਾਰ ਨੂੰ ਕਰਫਿਊ ਹਟਾਉਣ ਦੀਆਂ ਦਿੱਲੀ ਸਰਕਾਰ ਦੀਆਂ ਸਿਫਾਰਿਸ਼ਾਂ ਨੂੰ ਰੱਦ ਕਰਨ ਲਈ ਦਿੱਲੀ ਦੇ ਐੱਲਜੀ ਅਨਿਲ ਬੈਜਲ ਦੀ ਨਿਖੇਧੀ ਕੀਤੀ ਹੈ। ਇਸ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਪ ਰਾਜਪਾਲ ਨੂੰ ਪੱਤਰ ਲਿਖ ਕੇ ਰਾਸ਼ਟਰੀ ਰਾਜਧਾਨੀ ਵਿੱਚ ਪਾਬੰਦੀਆਂ ਵਿੱਚ ਢਿੱਲ ਦੇਣ ਦੀ ਬੇਨਤੀ ਕੀਤੀ ਸੀ। ਇਸ ਮੌਕੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਦਿੱਲੀ ਭਾਜਪਾ ਵਪਾਰੀਆਂ ਅਤੇ ਗੈਰ-ਵਪਾਰੀਆਂ ਵਿੱਚ ਨਫ਼ਰਤ ਫੈਲਾ ਰਹੀ ਹੈ।
ਸੌਰਭ ਭਾਰਦਵਾਜ ਨੇ ਕਿਹਾ ਕਿ ਸਭ ਜਾਣਦੇ ਹਨ ਕਿ ਕਿਵੇਂ ਦੁਨੀਆ ਭਰ ਦੀਆਂ ਸਰਕਾਰਾਂ ਕਰੋਨਾ ਦੇ ਸਮੇਂ ਵਿੱਚ ਮਿਲ ਕੇ ਕੰਮ ਕਰ ਰਹੀਆਂ ਹਨ ਪਰ ਦਿੱਲੀ ਵਿੱਚ ਭਾਜਪਾ ਇਸ ਤੋਂ ਰਾਜਨੀਤਕ ਲਾਭ ਲੈਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਪਿਛਲੇ ਦੋ ਸਾਲਾਂ ਵਿੱਚ ‘ਆਪ’ ਆਗੂ ਸੜਕਾਂ ’ਤੇ ਆ ਕੇ ਲੋਕਾਂ ਦੀਆਂ ਸ਼ਿਕਾਇਤਾਂ ਸੁਣ ਰਹੇ ਸਨ ਪਰ ਭਾਜਪਾ ਦੇ ਸੰਸਦ ਮੈਂਬਰ ਗਾਇਬ ਸਨ। ਜਦੋਂ ਦਿੱਲੀ ਨੂੰ ਆਕਸੀਜਨ ਦੀ ਲੋੜ ਸੀ ਤਾਂ ਭਾਜਪਾ ਦੇ ਇੱਕ ਆਗੂ ਨੇ ਵੀ ਆਵਾਜ਼ ਨਹੀਂ ਉਠਾਈ ਕਿ ਕੇਂਦਰ ਸਰਕਾਰ ਦਿੱਲੀ ਨੂੰ ਆਕਸੀਜਨ ਨਹੀਂ ਦੇ ਰਹੀ ਅਤੇ ਅੱਜ ਜਦੋਂ ਓਮੀਕਰੋਨ ਤਬਾਹੀ ਮਚਾ ਰਿਹਾ ਹੈ ਤਾਂ ਮੁੜ ਭਾਜਪਾ ਹੇਠਲੇ ਪੱਧਰ ਦੀ ਰਾਜਨੀਤੀ ਕਰ ਰਹੀ ਹੈ। ਦਿੱਲੀ ਵਿੱਚ ਲਹਿਰ ਜਦੋਂ ਸਿਖਰ ’ਤੇ ਸੀ, ਭਾਜਪਾ ਆਗੂਆਂ ਨੇ ਦਿੱਲੀ ਦੇ ਭੀੜ-ਭੜੱਕੇ ਵਾਲੇ ਬਾਜ਼ਾਰਾਂ ਦੀਆਂ ਵੀਡੀਓਜ਼ ਦਿਖਾ ਕੇ ਦਹਿਸ਼ਤ ਪੈਦਾ ਕੀਤੀ ਹਾਲਾਂਕਿ ਭਾਜਪਾ ਸ਼ਾਸਤ ਰਾਜਾਂ ਦੇ ਬਾਜ਼ਾਰਾਂ ਵਿੱਚ ਵੀ ਅਜਿਹੀ ਸਥਿਤੀ ਸੀ।
ਦਿੱਲੀ ’ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆ ਹੋਏ ਸੌਰਭ ਭਾਰਦਵਾਜ ਨੇ ਦਿੱਲੀ ਭਾਜਪਾ ’ਤੇ ਹਮਲਾ ਬੋਲਦੇ ਹੋਏ ਕਿਹਾ ਕਿ ਦਿੱਲੀ ’ਚ ਭਾਜਪਾ ਨੇ ਲੋਕਾਂ ’ਚ ਗਲਤ ਜਾਣਕਾਰੀ ਫੈਲਾਈ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਬਾਜ਼ਾਰਾਂ ਵਿਚ ਭੀੜ ਨੂੰ ਦੇਖਦੇ ਹੋਏ ਸ਼ਹਿਰ ਦੀ ਸਰਕਾਰ ਨੇ ਲਾਗ ਨੂੰ ਕੰਟਰੋਲ ਕਰਨ ਲਈ ਦਿੱਲੀ ਵਿਚ ਹਫਤੇ ਦੇ ਅੰਤ ਵਿਚ ਕਰਫਿਊ ਤੇ ਬਾਜ਼ਾਰਾਂ ਨੂੰ ਬੰਦ ਕਰਨ ਵਰਗੀਆਂ ਪਾਬੰਦੀਆਂ ਲਗਾ ਦਿੱਤੀਆਂ ਪਰ ਜਿਵੇਂ ਹੀ ਬਾਜ਼ਾਰ ਬੰਦ ਹੋਏ, ਭਾਜਪਾ ਆਗੂਆਂ ਨੇ ਫਿਰ ਤੋਂ ਬੰਦ ਬਾਜ਼ਾਰਾਂ ਦੀਆਂ ਵੀਡੀਓਜ਼ ਨੂੰ ਪ੍ਰਸਾਰਿਤ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਸ ਰਾਹੀਂ ਉਨ੍ਹਾਂ ਨੇ ਇਹ ਸੁਨੇਹਾ ਦਿੱਤਾ ਕਿ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਵਪਾਰੀਆਂ ਨੂੰ ਬਰਬਾਦ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਨਿਲ ਬੈਜਲ ਨੂੰ ਪੱਤਰ ਲਿਖ ਕੇ ਰਾਸ਼ਟਰੀ ਰਾਜਧਾਨੀ ਵਿੱਚ ਪਾਬੰਦੀਆਂ ਵਿੱਚ ਢਿੱਲ ਦੇਣ ਦੀ ਬੇਨਤੀ ਕੀਤੀ ਸੀ ਪਰ ਉਨ੍ਹਾਂ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਭੇਜੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ।
ਦਿੱਲੀ ਦੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਕਿਹਾ ਕਿ ਦਿੱਲੀ ਵਿੱਚ ਕੋਵਿਡ ਦੇ ਘਟਦੇ ਮਾਮਲਿਆਂ ਨੂੰ ਦੇਖਦੇ ਹੋਏ, ਔਡ-ਈਵਨ ਅਤੇ ਵੀਕੈਂਡ ਕਰਫਿਊ ਦੀਆਂ ਪਾਬੰਦੀਆਂ ਨੂੰ ਹੁਣ ਹਟਾਇਆ ਜਾਣਾ ਚਾਹੀਦਾ ਹੈ ਅਤੇ ਇਹ ਸਿਫਾਰਿਸ਼ਾਂ ਉਪ ਰਾਜਪਾਲ ਨੂੰ ਭੇਜੀਆਂ ਜਾਣੀਆਂ ਚਾਹੀਦੀਆਂ ਹਨ ਪਰ ਅਨਿਲ ਬੈਜਲ ਨੇ ਉਨ੍ਹਾਂ ਸਿਫਾਰਿਸ਼ਾਂ ਨੂੰ ਰੱਦ ਕਰ ਦਿੱਤਾ। ਉਨ੍ਹਾਂ ਕਿਹਾ, , ‘‘ਹੁਣ ਅਸੀਂ ਭਾਜਪਾ ਤੋਂ ਜਾਣਨਾ ਚਾਹੁੰਦੇ ਹਾਂ ਕਿ ਕੀ ਉਹ ਐਲਜੀ ਦਫਤਰ ਦੇ ਸਾਹਮਣੇ ਪ੍ਰਦਰਸ਼ਨ ਕਰੇਗੀ।’’ ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਭਾਜਪਾ ਦੀ ਅਸਲੀਅਤ ਦਾ ਪਰਦਾਫਾਸ਼ ਹੋਇਆ ਹੈ। ਅੱਜ ਉਨ੍ਹਾਂ ਦਿੱਲੀ ਦੇ ਲੋਕਾਂ ਅਤੇ ਵਪਾਰੀਆਂ ਦੇ ਸਾਹਮਣੇ ਦਿੱਲੀ ਭਾਜਪਾ ਦਾ ਅਸਲੀ ਚਿਹਰਾ ਨੰਗਾ ਕਰ ਦਿੱਤਾ ਹੈ। ਦਿੱਲੀ ਭਾਜਪਾ ਵਪਾਰੀਆਂ ਅਤੇ ਗੈਰ-ਵਪਾਰੀਆਂ ਵਿੱਚ ਨਫ਼ਰਤ ਫੈਲਾ ਰਹੀ ਹੈ।
ਭਾਜਪਾ ਵੱਲੋਂ ਉਪ ਰਾਜਪਾਲ ਨੂੰ ਪੱਤਰ
ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਆਦੇਸ਼ ਗੁਪਤਾ ਨੇ ਅੱਜ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੂੰ ਇੱਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸੂਬੇ ਵਿੱਚ ਹਫਤਾਵਾਰੀ ਕਰਫਿਊ ਦੇ ਨਾਲ-ਨਾਲ ਦੁਕਾਨਾਂ ਤੋਂ ‘ਜਿਸਤ-ਟਾਂਕ’ ਨੀਤੀ ਵੀ ਖਤਮ ਕੀਤੀ ਜਾਵੇ। ਆਪਣੇ ਪੱਤਰ ਵਿੱਚ ਸ੍ਰੀ ਗੁਪਤਾ ਨੇ ਡੀਡੀਐੱਮਏ ਨਾਲ ਮੀਟਿੰਗ ਕਰ ਕੇ ਫੈਸਲੇ ਲੈਣ ਦਾ ਸੁਝਾਅ ਦਿੱਤਾ ਅਤੇ ਕਿਹਾ ਕਿ ਕਰੋਨਾ ਦੀ ਤੀਜੀ ਲਹਿਰ ਕਾਰਨ ਦੁਕਾਨਦਾਰ ਅਤੇ ਵਪਾਰੀ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਵਪਾਰੀ ਵਰਗ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਕਾਰੋਬਾਰ ਨੂੰ ਕਿਸੇ ਵੀ ਸ਼ਹਿਰ ਦੀ ਜੀਵਨ ਰੇਖਾ ਕਿਹਾ ਜਾਂਦਾ ਹੈ ਅਤੇ ਅੱਜ ਕੋਵਿਡ ਤਹਿਤ ਲਾਈਆਂ ਗਈਆਂ ਪਾਬੰਦੀਆਂ ਕਾਰਨ ਸਭ ਤੋਂ ਵੱਧ ਨੁਕਸਾਨ ਇਸ ਸ਼ਹਿਰ ਨੂੰ ਹੋਇਆ ਹੈ। ਸ੍ਰੀ ਗੁਪਤਾ ਨੇ ਆਪਣੇ ਪੱਤਰ ਵਿੱਚ ਅੱਗੇ ਲਿਖਿਆ ਕਿ ਕੇਜਰੀਵਾਲ ਸਰਕਾਰ ਦੇ ਅੰਕੜਿਆਂ ਅਨੁਸਾਰ ਦਿੱਲੀ ਵਿੱਚ ਕਰੋਨਾ ਦੇ ਕੇਸਾਂ ਦੀ ਲਾਗ ਦਰ ਯੂਨਿਟ ਅੰਕਾਂ ਵਿੱਚ ਆ ਗਈ ਹੈ ਅਤੇ ਅਜਿਹੀ ਸਥਿਤੀ ਵਿੱਚ ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਵੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਉਹ ਕਮਾਈ ਕਰ ਸਕਣ। ਇਸ ਦੇ ਨਾਲ ਹੀ ਜਿਮ ਅਤੇ ਰੈਸਟਰਾਂ ਵੀ 50 ਫੀਸਦੀ ਸਮਰੱਥਾ ਨਾਲ ਖੋਲ੍ਹੇ ਜਾਣੇ ਚਾਹੀਦੇ ਹਨ।
ਵਪਾਰੀਆਂ ਵੱਲੋਂ ਪ੍ਰਦਰਸ਼ਨ ਦੀ ਚਿਤਾਵਨੀ
ਰਾਸ਼ਟਰੀ ਰਾਜਧਾਨੀ ਵਿੱਚ ਵਪਾਰਕ ਭਾਈਚਾਰੇ ਨੇ ਦੁਕਾਨਾਂ ਲਈ ਵੀਕੈਂਡ ਕਰਫਿਊ ਅਤੇ ਜਿਸਤ-ਟਾਂਕ ਨੀਤੀ ਨੂੰ ਲਾਗੂ ਰੱਖਣ ਦੇ ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀਡੀਐਮਏ) ਦੇ ਫੈਸਲੇ ’ਤੇ ਨਿਰਾਸ਼ਾ ਜ਼ਾਹਰ ਕੀਤੀ ਹੈ। ਚੈਂਬਰ ਆਫ ਟਰੇਡਰਜ਼ ਇੰਡਸਟਰੀ (ਸੀਟੀਆਈ) ਦੇ ਕਾਰਕੁਨਾਂ ਨੇ ਕਿਹਾ ਕਿ ਜੇ ਦਿੱਲੀ ਡਿਜਾਸਟਰ ਮੈਨੇਜਮੈਂਟ ਅਥਾਰਟੀ (ਡੀਡੀਐਮਏ) ਨੇ ਅਗਲੇ ਦੋ ਤੋਂ ਤਿੰਨ ਦਿਨਾਂ ਵਿੱਚ ਆਪਣੇ ਫੈਸਲੇ ਵਿੱਚ ਸੋਧ ਨਹੀਂ ਕੀਤੀ ਤਾਂ ਉਹ ਪੂਰੇ ਦਿੱਲੀ ਵਿੱਚ ਵਿਰੋਧ ਪ੍ਰਦਰਸ਼ਨ ਕਰਨਗੇ। ਸੀਟੀਆਈ ਦੇ ਚੇਅਰਮੈਨ ਬ੍ਰਿਜੇਸ਼ ਗੋਇਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਦਿੱਲੀ ਦੇ 20 ਲੱਖ ਵਪਾਰੀ ਉਪ ਰਾਜਪਾਲ ਅਨਿਲ ਬੈਜਲ ਦੇ ਫੈਸਲੇ ਤੋਂ ਬਹੁਤ ਨਿਰਾਸ਼ ਹਨ।