ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਅਕਤੂਬਰ
ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਜ਼ੋਰ ਦੇ ਕੇ ਕਿਹਾ ਕਿ ਇਥੋਂ ਦੇ ਦੋ ਹਜ਼ਾਰ ਤੋਂ ਵੱਧ ਕਰੋਨਾਵਾਇਰਸ ਮਰੀਜ਼ ਪਲਾਜ਼ਮਾ ਥੈਰੇਪੀ ਦਾ ਲਾਭ ਲੈ ਚੁੱਕੇ ਹਨ। ਇੱਕ ਪ੍ਰੈੱਸ ਕਾਨਫਰੰਸ ਦੌਰਾਨ ਸਿਹਤ ਮੰਤਰੀ ਨੇ ਇਹ ਵੀ ਕਿਹਾ ਕਿ ਇਨ੍ਹਾਂ ਮਰੀਜ਼ਾਂ ਨੂੰ ਦਿੱਲੀ ਸਰਕਾਰ ਦੇ ਪਲਾਜ਼ਮਾ ਬੈਂਕਾਂ ਰਾਹੀਂ ਪਲਾਜ਼ਮਾ ਮਿਲਿਆ। ਇਸ ਤੋਂ ਇਲਾਵਾ ਹੋਰ ਲੋਕਾਂ ਨੇ ਦਾਨ ਕਰਨ ਵਾਲਿਆਂ ਤੋਂ ਸਿੱਧਾ ਪਲਾਜ਼ਮਾ ਲਿਆ। ਉਨ੍ਹਾਂ ਦੱਸਿਆ ਕਿ ਪਹਿਲਾ ਪਲਾਜ਼ਮਾ ਬੈਂਕ 2 ਜੁਲਾਈ ਨੂੰ ਅਰਵਿੰਦ ਕੇਜਰੀਵਾਲ ਦੁਆਰਾ ਦੱਖਣੀ ਦਿੱਲੀ ਦੇ ਲਿਵਰ ਐਂਡ ਬਿਲੀਅਰੀ ਸਾਇੰਸ ਦੇ ਸੰਸਥਾਨ ਵਿੱਚ ਚਲਾਇਆ ਗਿਆ ਸੀ, ਜਿਸ ਤੋਂ ਬਾਅਦ ਇਕ ਹੋਰ ਬੈਂਕ ਐੱਲਐੱਨਜੇਪੀ ਹਸਪਤਾਲ ਵਿੱਚ ਖੋਲ੍ਹਿਆ ਗਿਆ। ਇਸ ਦੌਰਾਨ ਜਦੋਂ ਕੇਂਦਰ ਨੂੰ ਇਸ ਬਾਰੇ ਕੋਵਿਡ-19 ਦੇ ਕਲੀਨਿਕਲ ਪ੍ਰਬੰਧਨ ਪ੍ਰੋਟੋਕੋਲ ਤੋਂ ਹਟਾਉਣ ਬਾਰੇ ਪੁੱਛਿਆ ਗਿਆ ਤਾਂ ਜੈਨ ਨੇ ਕਿਹਾ ਕਿ ਇਜਾਜ਼ਤ ਮਿਲਣ ਤੋਂ ਬਾਅਦ ਇਸ (ਪਲਾਜ਼ਮਾ ਥੈਰੇਪੀ) ਅਜ਼ਮਾਇਸ਼ ਕਰ ਰਹੇ ਹਾਂ। ਆਈਸੀਐਮਆਰ-ਏਮਜ਼ ਦੇ ਅਧਿਐਨ ਤੋਂ ਬਹੁਤੀ ਸਫਲਤਾ ਨਹੀਂ ਮਿਲੀ ਪਰ ਲੋਕ ਇਸ ਤੋਂ ਇੱਥੇ ਲਾਭ ਲੈ ਰਹੇ ਹਨ ਤੇ ਸਿਰਫ ਸਮਰਪਿਤ ਬੈਂਕ ਤੋਂ ਪਲਾਜ਼ਮਾ ਪ੍ਰਾਪਤ ਕਰਕੇ 2000 ਤੋਂ ਵੱਧ ਲੋਕਾਂ ਨੂੰ ਲਾਭ ਹੋਇਆ ਹੈ।
ਜੈਨ ਨੇ ਕਿਹਾ ਕਿ ਇਥੋਂ ਤਕ ਕਿ ਅਮਰੀਕਾ ਨੇ ਇਸ ਦੇ ਲਾਭ ਨੂੰ ਮੰਨਿਆ ਤੇ ਇਸ ਉੱਤੇ ਪੂਰੀ ਦੁਨੀਆਂ ਵਿੱਚ ਖੋਜ ਚੱਲ ਰਹੀ ਹੈ। ਇਕ ਤਰ੍ਹਾਂ ਨਾਲ ਇਸ ਕਾਰਜ ਵਿੱਚ ਦਿੱਲੀ ਮੋਹਰੀ ਹੈ, ਜਿਥੇ ਪਲਾਜ਼ਮਾ ਥੈਰੇਪੀ ਦੇ ਲਾਭ ਦੇਖੇ ਗਏ ਹਨ। ਆਈਸੀਐੱਮਆਰ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਕੇਂਦਰ ਕੋਵਿਡ -19 ਲਈ ਕੌਮੀ ਕਲੀਨਿਕਲ ਮੈਨੇਜਮੈਂਟ ਪ੍ਰੋਟੋਕੋਲ ਤੋਂ ਪਲਾਜ਼ਮਾ ਥੈਰੇਪੀ ਨੂੰ ਹਟਾਉਣ ‘ਤੇ ਵਿਚਾਰ ਕਰ ਰਿਹਾ ਹੈ।