ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਦਸੰਬਰ
ਉੱਤਰੀ-ਪੱਛਮੀ ਦਿੱਲੀ ਦੇ ਸ਼ਾਲੀਮਾਰ ਬਾਗ ਇਲਾਕੇ ਵਿੱਚ ਇੱਕ ਔਰਤ ਤੇ ਉਸ ਦੀ ਧੀ ’ਤੇ ਦੋ ਮੁਟਿਆਰਾਂ ਸਮੇਤ ਚਾਰ ਵਿਅਕਤੀਆਂ ਨੇ ਕਥਿਤ ਤੌਰ ’ਤੇ ਹਮਲਾ ਕਰ ਦਿੱਤਾ। ਇਹ ਸਾਰੀ ਘਟਨਾ ਇੱਕ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਤੇ ਇੱਕ ਵੀਡੀਓ ਫੁਟੇਜ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਹੈ ਜਿਸ ’ਚ ਦਿਖਾਈ ਦੇ ਰਿਹਾ ਹੈ ਕਿ ਮੁਲਜ਼ਮ ਮਹਿਲਾ ਰਿਹਾਇਸ਼ੀ ਕਲੋਨੀ ’ਚ ਆਪਣੀ ਕਾਰ ਪਾਰਕ ਕਰਨ ਤੋਂ ਬਾਅਦ ਉਸ ਦੀ ਧੀ ਦੇ ਕਾਰ ਤੋਂ ਬਾਹਰ ਨਿਕਲਣ ਤੋਂ ਬਾਅਦ ਔਰਤ ਦੀ ਕੁੱਟਮਾਰ ਕਰਦੀ ਹੈ। ਜਦੋਂ ਔਰਤ ਆਪਣੀ ਬੇਟੀ ਨੂੰ ਬਚਾਉਣ ਲਈ ਉੱਥੇ ਪਹੁੰਚੀ ਤਾਂ ਦੋ ਹੋਰ ਲੋਕਾਂ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਦੋਵਾਂ ਲੜਕੀਆਂ ਦੀ ਪਛਾਣ ਨੇਹਾ ਤੇ ਮੇਘਾ ਵਜੋਂ ਹੋਈ ਹੈ। ਦੋਵਾਂ ਦੀ ਉਮਰ 20-22 ਸਾਲ ਦੇ ਕਰੀਬ ਹੈ। ਪੁਲੀਸ ਨੇ ਦੱਸਿਆ ਕਿ 19 ਨਵੰਬਰ ਨੂੰ ਵਾਪਰੀ ਇਸ ਘਟਨਾ ਦੇ ਸਬੰਧ ’ਚ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇੱਕ ਐੱਨਜੀਓ ਨਾਲ ਸਬੰਧਤ ਪੀੜਤ ਨੇ ਆਪਣੀ ਐੱਫਆਈਆਰ ਵਿੱਚ ਦੋਸ਼ ਲਾਇਆ ਹੈ ਕਿ ਹਮਲਾਵਰਾਂ ਨੂੰ ‘ਆਪ’ ਦੇ ਇੱਕ ਵਿਧਾਇਕ ਤੇ ਇੱਕ ਹੋਰ ਵਿਅਕਤੀ ਵੱਲੋਂ ਭੇਜਿਆ ਗਿਆ ਸੀ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਮੁਲਜ਼ਮਾਂ ਨੇ ਉਸ ਦੀ ਸੋਨੇ ਦੀ ਚੇਨ ਤੇ ਅੰਗੂਠੀ ਲੁੱਟ ਲਈ ਤੇ ਉਸ ਨਾਲ ਛੇੜਛਾੜ ਵੀ ਕੀਤੀ।