ਨਵੀਂ ਦਿੱਲੀ, 19 ਸਤੰਬਰ
ਦਿੱਲੀ ਦੀ ਨਵੀਂ ਮੁੱਖ ਮੰਤਰੀ ਆਤਿਸ਼ੀ ਦੀ ਅਗਵਾਈ ਵਾਲੇ ਮੰਤਰੀ ਮੰਡਲ ਵਿੱਚ ‘ਆਪ’ ਵਿਧਾਇਕ ਮੁਕੇਸ਼ ਅਹਿਲਾਵਤ ਨੂੰ ਜ਼ਿੰਮੇਵਾਰੀ ਮਿਲੇਗੀ, ਜਦਕਿ ਚਾਰ ਮੰਤਰੀਆਂ ਦੇ ਅਹੁਦੇ ਬਰਕਰਾਰ ਰਹਿਣਗੇ। ‘ਆਪ’ ਨੇ ਅੱਜ ਇੱਥੇ ਦੱਸਿਆ ਕਿ ਮੁੱਖ ਮੰਤਰੀ ਆਤਿਸ਼ੀ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਸਹਿਯੋਗੀ 21 ਸਤੰਬਰ ਨੂੰ ਅਹੁਦੇ ਦੀ ਸਹੁੰ ਚੁੱਕਣਗੇ। ‘ਆਪ’ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਮੰਤਰੀ ਮੰਡਲ ਦਾ ਹਿੱਸਾ ਰਹੇ ਗੋਪਾਲ ਰਾਏ, ਸੌਰਭ ਭਾਰਦਵਾਜ, ਕੈਲਾਸ਼ ਗਹਿਲੋਤ ਅਤੇ ਇਮਰਾਨ ਹੁਸੈਨ ਨੂੰ ਮੁੜ ਮੰਤਰੀ ਮੰਡਲ ਵਿੱਚ ਜਗ੍ਹਾ ਦਿੱਤੀ ਜਾਵੇਗੀ। ‘ਆਪ’ ਦੇ ਕੌਮੀ ਕਨਵੀਨਰ ਦੇ ਭਰੋਸੇਯੋਗ ਸਹਿਯੋਗੀਆਂ ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਵੱਲੋਂ ਪਿਛਲੇ ਸਾਲ ਫਰਵਰੀ ’ਚ ਅਸਤੀਫ਼ਾ ਦੇਣ ਮਗਰੋਂ ਆਤਿਸ਼ੀ ਅਤੇ ਭਾਰਦਵਾਜ ਨੂੰ ਕੇਜਰੀਵਾਲ ਦੇ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਸੀ। ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ, ਜਿਸ ਮਗਰੋਂ ਆਤਿਸ਼ੀ ਨੇ ਕੌਮੀ ਰਾਜਧਾਨੀ ਵਿੱਚ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਕੇਜਰੀਵਾਲ ਦੀ ਪ੍ਰਧਾਨਗੀ ਵਾਲੇ ਮੰਤਰੀ ਮੰਡਲ ’ਚ ਆਤਿਸ਼ੀ ਕੋਲ ਵਿੱਤ, ਮਾਲ, ਲੋਕ ਨਿਰਮਾਣ ਵਿਭਾਗ ਅਤੇ ਸਿੱਖਿਆ ਵਰਗੇ 13 ਪ੍ਰਮੁੱਖ ਵਿਭਾਗ ਹਨ। ਇਨ੍ਹਾਂ ਸਾਰੇ ਵਿਭਾਗਾਂ ਨੂੰ ਸੰਭਾਲਣ ਵਿੱਚ ਤਜਰਬੇ ਕਾਰਨ ਹੀ ਆਤਿਸ਼ੀ ਨੂੰ ਕੇਜਰੀਵਾਲ ਦਾ ਉੱਤਰਾਧਿਕਾਰੀ ਚੁਣਿਆ ਗਿਆ। ਗੋਪਾਲ ਰਾਏ ਵਾਤਾਵਰਨ, ਵਿਕਾਸ ਅਤੇ ਆਮ ਪ੍ਰਸ਼ਾਸਨ ਵਿਭਾਗ ਸੰਭਾਲਦੇ ਹਨ, ਜਦਕਿ ਭਾਰਦਵਾਜ ਸਿਹਤ, ਸੈਰ-ਸਪਾਟਾ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਮੰਤਰੀ ਹਨ। ਕੈਲਾਸ਼ ਗਹਿਲੋਤ ਕੋਲ ਆਵਾਜਾਈ, ਗ੍ਰਹਿ ਅਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਹੈ, ਜਦਕਿ ਹੁਸੈਨ ਖੁਰਾਕ ਅਤੇ ਸਪਲਾਈ ਮੰਤਰੀ ਹਨ। ਦਿੱਲੀ ਦੇ ਸੁਲਤਾਨਪੁਰ ਮਾਜਰਾ ਤੋਂ ਵਿਧਾਇਕ ਅਹਿਲਾਵਤ ਨੂੰ ਲੋਕ ਭਲਾਈ ਮੰਤਰੀ ਰਾਜ ਕੁਮਾਰ ਆਨੰਦ ਵੱਲੋਂ ਅਸਤੀਫ਼ਾ ਦੇਣ ਮਗਰੋਂ ਖ਼ਾਲੀ ਹੋਏ ਸਥਾਨ ’ਤੇ ਸ਼ਾਮਲ ਕੀਤਾ ਜਾਵੇਗਾ। ਆਨੰਦ ਨੇ ਅਪਰੈਲ ਵਿੱਚ ਕੇਜਰੀਵਾਲ ਸਰਕਾਰ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ‘ਆਪ’ ਨਾਲੋਂ ਵੀ ਨਾਤਾ ਤੋੜ ਲਿਆ ਸੀ। ਕੇਜਰੀਵਾਲ ਕੋਲ ਕੋਈ ਵਿਭਾਗ ਨਹੀਂ ਹੈ। ਨਵੀਂ ਕੈਬਨਿਟ ਦਾ ਕਾਰਜਕਾਲ ਸੰਖੇਪ ਹੋਵੇਗਾ ਕਿਉਂਕਿ ਅਗਲੇ ਸਾਲ ਫਰਵਰੀ ਵਿੱਚ ਦਿੱਲੀ ਵਿਧਾਨ ਸਭਾ ਚੋਣਾਂ ਹੋਣੀਆਂ ਹਨ। -ਪੀਟੀਆਈ
ਸਿੱਖ ਚਿਹਰੇ ਨੂੰ ਮੰਤਰੀ ਮੰਡਲ ਵਿੱਚ ਨਹੀਂ ਮਿਲੀ ਥਾਂ
ਦਿੱਲੀ ਸਰਕਾਰ ਵਿੱਚ ਇਸ ਵਾਰ ਵੀ ਸਿੱਖ ਚਿਹਰਾ ਸ਼ਾਮਲ ਨਹੀਂ ਕੀਤਾ ਜਾ ਰਿਹਾ। ਦਿੱਲੀ ਵਿੱਚ ‘ਆਪ’ ਦੀ ਤਿੰਨ ਵਾਰ ਸਰਕਾਰ ਬਣਨ ਦੇ ਬਾਵਜੂਦ ਕਿਸੇ ਵੀ ਸਿੱਖ ਨੂੰ ਮੰਤਰੀ ਨਹੀਂ ਬਣਾਇਆ ਗਿਆ। ਹਾਲਾਂਕਿ ਪਹਿਲੀ ਭਾਜਪਾ ਸਰਕਾਰ ਵਿੱਚ ਹਰਸ਼ਰਨ ਸਿੰਘ ਬੱਲੀ, ਕਾਂਗਰਸ ਦੀ ਸ਼ੀਲਾ ਦੀਕਸ਼ਿਤ ਦੀ ਅਗਵਾਈ ਵਾਲੀਆਂ ਤਿੰਨਾਂ ਸਰਕਾਰਾਂ ਵਿੱਚ ਲਗਾਤਾਰ ਮਹਿੰਦਰ ਸਿੰਘ ਸਾਥੀ (ਪਹਿਲੀ ਪਾਰੀ ਵਿੱਚ ਸਪੀਕਰ), ਅਰਵਿੰਦਰ ਸਿੰਘ ਲਵਲੀ ਨੂੰ ਮੰਤਰੀ ਵਜੋਂ ਸ਼ਾਮਲ ਕੀਤਾ ਗਿਆ ਸੀ। ‘ਆਪ’ ਸਰਕਾਰ ਨੇ ਸਿੱਖ ਵਿਧਾਇਕਾਂ ’ਚੋਂ ਪਹਿਲੀ ਵਾਰ ਸਪੀਕਰ ਵਜੋਂ ਮਨਿੰਦਰ ਸਿੰਘ ਧੀਰ ਨੂੰ ਸ਼ਾਮਲ ਕੀਤਾ ਸੀ ਪਰ ਹੋਰਨਾਂ ਵਿਧਾਇਕਾਂ ਨੂੰ ਪੰਜਾਬੀ ਅਕਾਦਮੀ ਦਿੱਲੀ ਦੀ ਉਪ-ਚੇਅਰਮੈਨੀ ਦੇ ਕੇ ਹੀ ਚੁੱਪ ਕਰਵਾ ਦਿੱਤਾ ਜਾਂਦਾ ਰਿਹਾ।