ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਮਈ
ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੀ ਇੱਕ ਟੀਮ ਮੁੰਡਕਾ ਵਿਖੇ ਉਸ 4 ਮੰਜ਼ਿਲਾ ਇਮਾਰਤ ਦਾ ਦੌਰਾ ਕਰਨ ਗਈ ਜਿੱਥੇ 27 ਲੋਕ ਅੱਗ ਲੱਗਣ ਕਾਰਨ ਮਾਰੇ ਗਏ ਸਨ। ਮੀਡੀਆ ਰਿਪੋਰਟਾਂ ਦਾ ਸਵੈ-ਨੋਟਿਸ ਲੈਂਦਿਆਂ ਕਮਿਸ਼ਨ ਦੇ ਡੀਆਈਜੀ ਸੁਨੀਲ ਮੀਨਾ ਨੇ ਕਿਹਾ ਕਿ ਕਮਿਸ਼ਨ ਨੇ ਇਸ ਘਟਨਾ ਦਾ ਨੋਟਿਸ ਲਿਆ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ, ‘‘ਇਹ ਜਾਂਚ ਦਾ ਪਹਿਲਾ ਦਿਨ ਹੈ ਅਤੇ ਜਾਂਚ ਅੱਗੇ ਵਧੇਗੀ। ਸਾਨੂੰ ਹੋਰ ਤੱਥ ਮਿਲੇ ਹਨ।’’ ਕਮਿਸ਼ਨ ਨੇ ਦੇਖਿਆ ਕਿ ਇਸ ਘਟਨਾ ਨੇ ਇਹ ਸਾਬਤ ਕੀਤਾ ਹੈ ਕਿ ਸ਼ਹਿਰ ਦੇ ਅਧਿਕਾਰੀਆਂ ਨੇ ਪਿਛਲੇ ਸਮੇਂ ਵਿੱਚ ਵਾਪਰੀਆਂ ਅਜਿਹੀਆਂ ਘਟਨਾਵਾਂ ਤੋਂ ਥੋੜ੍ਹਾ ਸਬਕ ਸਿੱਖਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੀ ਇੱਕ ਟੀਮ ਨੇ 16 ਮਈ ਨੂੰ ਦਿੱਲੀ ਦੇ ਮੁੰਡਕਾ ’ਚ 13 ਮਈ ਨੂੰ ਲੱਗੀ ਅੱਗ ਵਾਲੀ ਇਮਾਰਤ ਦਾ ਦੌਰਾ ਕੀਤਾ ਜਿਸ ਵਿੱਚ 27 ਲੋਕ ਮਾਰੇ ਗਏ ਸਨ। ਡੀਆਈਜੀ ਸੁਨੀਲ ਮੀਨਾ ਦੀ ਅਗਵਾਈ ਵਾਲੀ ਟੀਮ ਵਿੱਚ 4 ਮੈਂਬਰ ਸ਼ਾਮਲ ਸਨ। ਕਮਿਸ਼ਨ ਨੇ ਐਤਵਾਰ ਨੂੰ ਅੱਗ ਦੀ ਉਕਤ ਘਟਨਾ ਬਾਰੇ ਦਿੱਲੀ ਸਰਕਾਰ ਨੂੰ ਨੋਟਿਸ ਜਾਰੀ ਕਰਕੇ 2 ਹਫ਼ਤਿਆਂ ’ਚ ਰਿਪੋਰਟ ਮੰਗੀ ਹੈ।