ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਦਸੰਬਰ
ਦਿੱਲੀ ਸਰਕਾਰ ਦੇ ਸ਼ਹਿਰੀ ਵਿਕਾਸ ਮੰਤਰੀ ਸਤਿੰਦਰ ਜੈਨ ਨੇ ਕਿਹਾ ਹੈ ਕਿ ਪਹਿਲਾਂ ਆਮਦਨੀ ਖਰਚਿਆਂ ਦਾ ਵੇਰਵਾ ਤਿੰਨ ਨਗਰ ਨਿਗਮਾਂ ਤੋਂ ਮੰਗਿਆ ਗਿਆ ਸੀ ਪਰ ਅਜੇ ਤੱਕ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਮਿਲਿਆ ਤੇ ਭਾਜਪਾ ਆਗੂ ਕੁਝ ਛੁਪਾ ਰਹੇ ਹਨ। ਇਹ ਦਿੱਲੀ ਦੇ ਲੋਕਾਂ ਦਾ ਟੈਕਸ ਦਾ ਪੈਸਾ ਹੈ ਤੇ ਉਨ੍ਹਾਂ ਨੂੰ ਹਰ ਪੈਸੇ ਦੇ ਬਾਰੇ ਜਾਣਨ ਦਾ ਅਧਿਕਾਰ ਹੈ। ਦਿੱਲੀ ਸਰਕਾਰ ਦੇ ਸ਼ਹਿਰੀ ਵਿਕਾਸ ਮੰਤਰਾਲੇ ਨੇ ਐੱਮਸੀਡੀ ਤੋਂ ਆਮਦਨੀ ਖਰਚਿਆਂ ਦਾ ਵੇਰਵਾ ਮੰਗਿਆ ਸੀ ਕਿ ਆਮਦਨ ਦੇ ਵੱਖ ਵੱਖ ਸਰੋਤਾਂ ਤੋਂ ਇਹ ਪੈਸਾ ਕਿੱਥੇ ਖਰਚ ਕੀਤਾ ਗਿਆ ਸੀ ਪਰ ਐੱਮਸੀਡੀ ਖਾਤੇ ਦੇਣ ਤੋਂ ਗੁਰੇਜ਼ ਕਰ ਰਹੀ ਹੈ। ਜੈਨ ਨੇ ਕਿਹਾ ਹੈ ਕਿ ਨਿਯਮਾਂ ਅਨੁਸਾਰ ਉਸ ਨੂੰ ਤਿੰਨ ਐੱਮ.ਸੀ.ਡੀਜ਼ ਤੋਂ ਆਮਦਨ-ਖਰਚਿਆਂ ਦੇ ਵੇਰਵਿਆਂ ਦੀ ਮੰਗ ਕਰਨ ਦਾ ਅਧਿਕਾਰ ਹੈ ਤੇ ਇਸ ਦੇ ਤਹਿਤ ਤਿੰਨ ਨਗਰ ਨਿਗਮਾਂ ਨੂੰ ਇਕ ਪੱਤਰ ਲਿਖਿਆ ਸੀ। ਕਾਰਪੋਰੇਸ਼ਨਾਂ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਇਕ ਮਹੀਨੇ ਵਿਚ ਵੱਖ-ਵੱਖ ਸਰੋਤਾਂ ਤੋਂ ਕਿੰਨੀ ਆਮਦਨ ਹੋਈ ਹੈ। ਟੈਕਸ ਦੁਆਰਾ ਕਿੰਨੀ ਰਕਮ ਮਿਲੀ ਹੈ ਤੇ ਹੋਰ ਮਾਲੀ ਸਰੋਤਾਂ ਤੋਂ ਕਿੰਨਾ ਮਾਲੀਆ ਆਇਆ ਹੈ।