ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਮਈ
ਦਿੱਲੀ ਨਗਰ ਨਿਗਮ (ਐੱਮਸੀਡੀ) ਨੇ ਰਾਜਧਾਨੀ ਵਿੱਚ ਹਵਾ ਪ੍ਰਦੂਸ਼ਣ ਨਾਲ ਲੜਨ ਲਈ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਮੁਹਿੰਮ ਤਹਿਤ ਇਸ ਸਾਲ ਲਗਪਗ 85,000 ਬੂਟੇ ਲਾਉਣ ਦੀ ਯੋਜਨਾ ਹੈ। ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਕਿਹਾ ਕਿ ਰਾਜਧਾਨੀ ਨੇ ਪਿਛਲੇ ਸਾਲ 17 ‘ਮਿੰਨੀ ਜੰਗਲਾਂ’ ਦਾ ਵਿਕਾਸ ਕੀਤਾ ਸੀ ਤੇ ਇਸ ਸਾਲ 20 ਹੋਰ ‘ਮਿੰਨੀ ਜੰਗਲਾਂ’ ਨੂੰ ਵਿਕਸਤ ਕਰਨ ਦੀ ਯੋਜਨਾ ਹੈ। ਐੱਮਸੀਡੀ ਅਧਿਕਾਰੀ ਨੇ ਕਿਹਾ ਕਿ ਹਵਾ ਪ੍ਰਦੂਸ਼ਣ ਦੇ ਖਤਰੇ ਨਾਲ ਲੜਨ ਅਤੇ ਗਲੋਬਲ ਵਾਰਮਿੰਗ ਦੇ ਮਾੜੇ ਪ੍ਰਭਾਵਾਂ ਨੂੰ ਘੱਟ ਕਰਨ ਲਈ ਵੱਡੇ ਪੱਧਰ ‘ਤੇ ਬੂਟੇ ਲਗਾਉਣ ਨੂੰ ਯਕੀਨੀ ਬਣਾ ਕੇ ਹਰ ਤਰ੍ਹਾਂ ਦੇ ਸੰਭਵ ਯਤਨ ਕੀਤੇ ਜਾ ਰਹੇ ਹਨ। ਕਾਰਪੋਰੇਸ਼ਨ ਨੇ ਇਸ ਸਾਲ ਬੂਟੇ ਲਗਾਉਣ ਦਾ ਇੱਕ ਟੀਚਾ ਰੱਖਿਆ ਹੈ। ਅਧਿਕਾਰੀਆਂ ਅਨੁਸਾਰ ਇਹ ਟੀਚਾ ਪ੍ਰਾਪਤ ਕਰਨ ਲਈ ਸਿਵਲ ਏਜੰਸੀ ਨੇ ਪਾਰਕਾਂ, ਖੇਤਰੀ ਦਫਤਰਾਂ, ਨਿਗਮ ਸਕੂਲਾਂ, ਡਿਸਪੈਂਸਰੀਆਂ, ਸੜਕਾਂ ਦੇ ਕਿਨਾਰਿਆਂ, ਕਮਿਊਨਿਟੀ ਸੈਂਟਰਾਂ ਸਮੇਤ ਹੋਰਨਾਂ ਥਾਵਾਂ ਦੀ ਪਛਾਣ ਕੀਤੀ ਹੈ ਜਿੱਥੇ ਬੂਟੇ ਲਗਾਏ ਜਾਣਗੇ। ਨਿਗਮ ਨੇ ਪਿਛਲੇ ਸਾਲ 17 ਥਾਵਾਂ ‘ਤੇ ਲਗਭਗ 8,000 ਵਾਧੂ ਬੂਟੇ ਲਗਾ ਕੇ ‘ਮਿੰਨੀ ਜੰਗਲ’ ਵਿਕਸਿਤ ਕੀਤਾ ਹੈ। ਇਹ ‘ਮਿੰਨੀ ਜੰਗਲ’ ਸੀ-2 ਬਲਾਕ ਕੇਸ਼ਵ ਪੁਰਮ, ਸ਼ੰਕਰ ਰੋਡ ਦੇ ਨਾਲ ਫਾਇਰ ਸਟੇਸ਼ਨ ਦੇ ਸਾਹਮਣੇ ਪਾਰਕ, ਆਜ਼ਾਦਪੁਰ ਸਬਜ਼ੀ ਮੰਡੀ ਦੇ ਪਾਰਕ ਆਦਿ ਥਾਵਾਂ ‘ਤੇ ਵਿਕਸਤ ਕੀਤੇ ਗਏ ਹਨ। ਇਸ ਸਾਲ ਪੀ ਯੂ ਬਲਾਕ ਪੀਤਮਪੁਰਾ, ਕੇ.ਐਲ.ਸ਼ਰਮਾ ਪਾਰਕ ਪੱਛਮ ਵਿਹਾਰ, ਪੀ.ਐਚ.ਸੀ. ਨਰੇਲਾ, ਸ਼ਹੀਦ ਭਗਤ ਸਿੰਘ ਪਾਰਕ ਆਊਟਰਾਮ ਲੇਨ, ਵੈਲਕਮ, ਯਮੁਨਾ ਵਿਹਾਰ, ਨੰਦ ਨਗਰੀ ਆਦਿ ਕੁੱਲ 20 ਥਾਵਾਂ ‘ਤੇ ‘ਮਿੰਨੀ ਜੰਗਲ’ ਵਿਕਸਿਤ ਕੀਤੇ ਜਾਣਗੇ।