ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਫਰਵਰੀ
ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਚੰਦਰਸ਼ੇਖਰ ਰਾਓ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਸਿੱਖ ਲੜਕੀ ਨੂੰ ਇਨਸਾਫ਼ ਦਿਵਾਉਣ ਲਈ ਮਾਮਲੇ ’ਚ ਦਖ਼ਲ ਦੇਣ, ਜਿਸ ਦਾ ਦੋ ਦਿਨ ਪਹਿਲਾਂ ਸੁਭਾਸ਼ ਨਗਰ, ਜੀਡੀਮੇਲਟਾ, ਕੁਤੁਬੁੱਲਾਪੁਰ, ਹੈਦਰਾਬਾਦ ਵਿੱਚ ਜਬਰ-ਜਨਾਹ ਤੋਂ ਬਾਅਦ ਕਤਲ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਪੁਲੀਸ ਪੀੜਤ ਪਰਿਵਾਰ ਨਾਲ ਸਹਿਯੋਗ ਨਹੀਂ ਕਰ ਰਹੀ ਅਤੇ ਆਈਪੀਸੀ ਦੀ ਕਮਜ਼ੋਰ ਧਾਰਾ ਤਹਿਤ ਐੱਫਆਈਆਰ ਦਰਜ ਕਰ ਕੇ ਮਾਮਲੇ ਨੂੰ ਰਫ਼ਾ-ਦਫ਼ਾ ਕਰ ਰਹੀ ਹੈ। ਕਾਲਕਾ ਨੇ ਕਿਹਾ, ‘‘ਅਸੀਂ ਤੇਲੰਗਾਨਾ ਦੇ ਮੁੱਖ ਮੰਤਰੀ ਤੋਂ ਮੰਗ ਕਰਦੇ ਹਾਂ ਕਿ ਮਾਮਲੇ ਦੀ ਨਿਰਪੱਖ ਜਾਂਚ ਹੋਵੇ ਅਤੇ ਐੱਫ਼ਆਈਆਰ ਵਿੱਚ ਆਈਪੀਸੀ ਦੀ ਧਾਰਾ 376, 302 ਨੂੰ ਸ਼ਾਮਲ ਕਰਦੇ ਹੋਏ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲਣਾ ਯਕੀਨੀ ਬਣਾਉਣ ਤੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇ। ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣਾ ਮੁੱਖ ਮੰਤਰੀ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਇਸ ਲਈ ਉਨ੍ਹਾਂ ਮੁੱਖ ਮੰਤਰੀ ਤੋਂ ਇਸ ਮਾਮਲੇ ’ਚ ਦਖਲ ਦੇਣ ਦੀ ਮੰਗ ਕੀਤੀ ਹੈ। ।