ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਜੁਲਾਈ
ਉੱਤਰ ਪੱਛਮੀ ਦਿੱਲੀ ਦੇ ਸ਼ਾਲੀਮਾਰ ਬਾਗ਼ ਵਿੱਚ 80 ਸਾਲਾ ਬਿਰਧ ਔਰਤ ਦਾ ਅਣਪਛਾਤੇ ਹਮਲਾਵਰਾਂ ਨੇ ਉਸਦੇ ਘਰ ਵਿੱਚ ਦਾਖ਼ਲ ਹੋ ਕੇ ਕਤਲ ਕਰ ਦਿੱਤਾ। ਪੁਲੀਸ ਨੂੰ ਕਤਲ ਸਬੰਧੀ ਸੂਚਨਾ ਸਵੇਰੇ 11 ਵਜੇ ਮਿਲੀ ਸੀ। ਪੁਲੀਸ ਡਿਪਟੀ ਕਮਿਸ਼ਨਰ (ਉੱਤਰ-ਪੱਛਮੀ) ਊਸ਼ਾ ਰੰਗਨਾਨੀ ਨੇ ਦੱਸਿਆ ਕਿ ਇਹ ਕਤਲ ਬੀਐਸ ਬਲਾਕ ਵਿੱਚ ਹੋਇਆ ਹੈ। ਔਰਤ ਬੈੱਡ ’ਤੇ ਪਈ ਸੀ ਤੇ ਉਸ ਦਾ ਗਲਾ ਰੇਤਿਆ ਹੋਇਆ ਸੀ। ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪੁਲੀਸ ਨੇ ਕਿਹਾ ਕਿ ਔਰਤ ਦੇ ਗਹਿਣੇ ਬਰਕਰਾਰ ਹੋਣ ਕਾਰਨ ਲੁੱਟ ਦੀ ਸੰਭਾਵਨਾ ਨਹੀਂ ਸੀ ਤੇ ਲੁੱਟ-ਖੋਹ ਦੇ ਕੋਈ ਸੰਕੇਤ ਨਹੀਂ ਮਿਲੇ ਸਨ। ਗਰਦਨ ’ਤੇ ਕੱਟ ਤੋਂ ਇਲਾਵਾ ਹੋਰ ਕੋਈ ਜ਼ਖ਼ਮ ਨਹੀਂ ਹੈ। ਪੁਲੀਸ ਸਟੇਸ਼ਨ ਦੀਆਂ ਚਾਰ ਟੀਮਾਂ ਮਾਮਲੇ ਦੀ ਜਾਂਚ ਕਰਨ, ਸ਼ੱਕੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਨ ਲਈ ਬਣਾਈਆਂ ਗਈਆਂ।