ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਅਗਸਤ
ਪੂਰਬੀ ਦਿੱਲੀ ਨਿਊ ਅਸ਼ੋਕ ਨਗਰ ’ਚ ਇਕ ਨੌਜਵਾਨ ਨੇ ਜਾਇਦਾਦ ’ਚ ਹਿੱਸਾ ਨਾ ਮਿਲਣ ’ਤੇ ਆਪਣੇ ਪਿਓ ਦਾ ਕਤਲ ਕਰ ਦਿੱਤਾ ਹੈ। ਮ੍ਰਿਤਕ ਦੀ ਪਛਾਣ ਗੌਤਮ ਠਾਕੁਰ (72) ਵਜੋਂ ਹੋਈ ਹੈ। ਉਹ ਟੈਲੀਫੋਨ ਮਹਿਕਮੇ ਤੋਂ ਸੇਵਾਮੁਕਤ ਹੋਇਆ ਸੀ। ਪੁਲੀਸ ਨੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤੀ ਹੈ। ਨਿਊ ਅਸ਼ੋਕ ਨਗਰ ਥਾਣਾ ਪੁਲੀਸ ਨੇ ਮੁਲਜ਼ਮ ਮਹੇਸ਼ ਨੂੰ ਗ੍ਰਿਫ਼ਤਾਰ ਕਰ ਕੇ ਵਾਰਦਾਤ ’ਚ ਵਰਤਿਆ ਚਾਕੂ ਅਤੇ ਦਸਤਾਨੇ ਵੀ ਬਰਾਮਦ ਕਰ ਲਏ ਹਨ। ਗੌਤਮ ਠਾਕੁਰ ਪਰਿਵਾਰ ਨਾਲ ਨਿਊ ਅਸ਼ੋਕ ਨਗਰ ਸੀ-ਬਲਾਕ ’ਚ ਰਹਿੰਦਾ ਸੀ। ਪਰਿਵਾਰ ’ਚ ਪਤਨੀ, ਵੱਡਾ ਬੇਟਾ ਮੁਕੇਸ਼ ਅਤੇ ਛੋਟਾ ਬੇਟਾ ਮਹੇਸ਼ ਹੈ। ਪੁਲੀਸ ਨੇ ਪਰਿਵਾਰਕ ਮੈਂਬਰਾਂ ਤੋਂ ਪੁੱਛ-ਪੜਤਾਲ ਕੀਤੀ ਤਾਂ ਮਹੇਸ਼ ਨੇ ਖੁਲਾਸਾ ਕੀਤਾ ਕਿ ਕੁਝ ਦਿਨ ਪਹਿਲਾਂ ਉਸ ਦੇ ਪਿਤਾ ਨੇ ਗਾਜ਼ੀਆਬਾਦ ਸਥਿਤ ਆਪਣਾ ਘਰ 50 ਲੱਖ ਰੁਪਏ ਵਿੱਚ ਵੇਚਿਆ ਸੀ ਤੇ ਸਾਰੇ ਪੈਸੇ ਵੱਡੇ ਪੁੱਤਰ ਮੁਕੇਸ਼ ਨੂੰ ਦੇ ਦਿੱਤੇ ਜਿਸ ਤੋਂ ਉਹ ਗੁੱਸੇ ਵਿੱਚ ਆ ਗਿਆ ਸੀ।