ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਜੁਲਾਈ
ਕ੍ਰਾਈਮ ਬ੍ਰਾਂਚ ਨੇ ਕੌਮੀ ਰਾਜਧਾਨੀ ਦਿੱਲੀ ਨਾਲ ਲੱਗਦੇ ਗੁਰੂਗ੍ਰਾਮ ਵਿੱਚ ਡੇਢ ਸਾਲ ਪਹਿਲਾਂ ਹੋਏ ਕਤਲ ਕਾਂਡ ਦੇ ਮਾਮਲੇ ਨੂੰ ਸੁਲਝਾਉਂਦਿਆਂ ਮ੍ਰਿਤਕ ਦੇ ਜਵਾਈ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਘਟਨਾ ਬੀਤੇ ਸਾਲ 26 ਜਨਵਰੀ ਨੂੰ ਵਾਪਰੀ ਸੀ, ਜਦੋਂ ਹਰਪਾਲ ਘਰ ਤੋਂ ਕਿਸੇ ਕੰਮ ਲਈ ਰਵਾਨਾ ਹੋਇਆ ਸੀ ਤਦ ਬਾਈਕ ਸਵਾਰ ਅਣਪਛਾਤੇ ਬਦਮਾਸ਼ਾਂ ਨੇ ਹਰਪਾਲ ਨੂੰ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਸੀ। ਸਬੂਤ ਨਾ ਮਿਲਣ ਕਾਰਨ ਕਤਲ ਕੇਸ ਦੀ ਗੁੱਥੀ ਨਹੀਂ ਸੁਲਝੀ ਸੀ ਅਤੇ ਮਗਰੋਂ ਇਹ ਕੇਸ ਕ੍ਰਾਈਮ ਬ੍ਰਾਂਚ ਨੂੰ ਸੌਂਪਿਆ ਗਿਆ ਸੀ।
ਕ੍ਰਾਈਮ ਬਰਾਂਚ ਦੇ ਏਸੀਪੀ ਨੇ ਕਿਹਾ ਕਿ ਹਰਪਾਲ ਕੋਲ ਜ਼ਮੀਨ ਬਹੁਤ ਸੀ ਅਤੇ ਉਸ ਦੇ ਕੋਈ ਲੜਕਾ ਨਹੀਂ ਸੀ। ਹਰਪਾਲ ਦਾ ਆਪਣੇ ਜਵਾਈ ਨਰੇਸ਼ ਨਾਲ ਹਮੇਸ਼ਾ ਝਗੜਾ ਰਹਿੰਦਾ ਸੀ। ਹਰਪਾਲ ਨੇ ਇੱਕ ਵਾਰ ਉਸ ਨੂੰ ਕੁੱਟਿਆ ਤੇ ਦੁਰਵਿਵਹਾਰ ਵੀ ਕੀਤਾ। ਨਰੇਸ਼ ਇਸ ਗੱਲੋਂ ਖ਼ਾਰ ਖਾਂਦਾ ਸੀ। ਅਸਲਾ ਰੱਖਣ ਦੇ ਮਾਮਲੇ ਵਿੱਚ ਜਦੋਂ ਨਰੇਸ਼ ਜੇਲ੍ਹ ਗਿਆ ਤਾਂ ਉਸ ਦੀ ਜਾਣ-ਪਛਾਣ ਜੈਵੀਰ ਤੇ ਵਿਕਾਸ ਨਾਲ ਹੋਈ, ਜਿਨ੍ਹਾਂ ਨੂੰ ਉਸ ਨੇ ਸਹੁਰੇ ਦੇ ਕਤਲ ਲਈ ਕਥਿਤ ਤੌਰ ਤੇ ਇੱਕ ਕਰੋੜ ਰੁਪਏ ਦੀ ਸੁਪਾਰੀ ਦਿੱਤੀ ਸੀ। ਇਸ ਤੋਂ ਇਲਾਵਾ ਗੁਰੂਗ੍ਰਾਮ ਪੁਲੀਸ ਵਿਕਾਸ ਅਤੇ ਜੈਵੀਰ ਦੇ ਅਪਰਾਧਾਂ ਬਾਰੇ ਵੀ ਜਾਂਚ ਕਰ ਰਹੀ ਹੈ।