ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਅਗਸਤ
ਕੌਮੀ ਰਾਜਧਾਨੀ ਵਿੱਚ ਇੱਕ ਵਿਅਕਤੀ ਨੇ ਆਪਣੇ ਮਕਾਨ ਮਾਲਕ ਦੀ ਹਥੋੜਾ ਮਾਰ ਕੇ ਹੱਤਿਆ ਕਰ ਦਿੱਤੀ ਤੇ ਲਾਸ਼ ਨਾਲ ਸੈਲਫੀ ਲੈਣ ਮਗਰੋਂ ਫਰਾਰ ਹੋ ਗਿਆ। ਮੁਲਜ਼ਮ ਦੀ ਪਛਾਣ ਪੰਕਜ ਕੁਮਾਰ ਵਾਸੀ ਬਿਹਾਰ ਵਜੋਂ ਹੋਈ ਹੈ, ਜਿਸ ਨੂੰ ਪੁਲੀਸ ਨੇ ਕਤਲ ਦੇ 24 ਘੰਟਿਆਂ ਦੇ ਅੰਦਰ ਗ੍ਰਿਫਤਾਰ ਕਰ ਲਿਆ। ਕਤਲ ਦਾ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਮੁਲਜ਼ਮ ਨੇ ਮਕਾਨ ਮਾਲਕ ਦੇ ਲੜਕੇ ਨੂੰ ਫੋਨ ਕਰ ਕੇ ਦੱਸਿਆ ਕਿ ਉਹ ਘਰ ਛੱਡ ਗਿਆ ਹੈ। ਮੁਲਜ਼ਮ ਨੇ ਚਾਰ ਦਿਨ ਪਹਿਲਾਂ ਹੀ ਮਕਾਨ ਕਿਰਾਏ ‘ਤੇ ਲਿਆ ਸੀ। ਮ੍ਰਿਤਕ ਦੀ ਪਛਾਣ ਸੁਰੇਸ਼ ਵਜੋਂ ਹੋਈ ਹੈ ਤੇ ਉਸ ਨੇ ਪੰਕਜ ਨੂੰ ਸ਼ਰਾਬ ਪੀਣ ਤੋਂ ਰੋਕਿਆ ਸੀ। ਕਤਲ ਕਰਨ ਤੋਂ ਬਾਅਦ ਪੰਕਜ ਨੇ ਮ੍ਰਿਤਕ ਦਾ ਮੋਬਾਈਲ ਫੋਨ ਤੇ ਆਈਡੀ ਕਾਰਡ ਵੀ ਲਿਆ। ਕਤਲ ਤੋਂ ਇਕ ਦਿਨ ਬਾਅਦ ਮੁਲਜ਼ਮ ਨੇ ਸੁਰੇਸ਼ ਦੇ ਪੁੱਤਰ ਜਗਦੀਸ਼ ਨੂੰ ਫੋਨ ਕਰਕੇ ਦੱਸਿਆ ਕਿ ਉਸ ਦੇ ਪਿਤਾ ਵੱਲੋਂ ਉਸ ਨਾਲ ਗਾਲੀ-ਗਲੋਚ ਕਰਨ ਤੋਂ ਬਾਅਦ ਉਹ ਕਿਰਾਏ ਦਾ ਮਕਾਨ ਛੱਡ ਕੇ ਚਲਾ ਗਿਆ। ਫੋਨ ਕਰਨ ਤੋਂ ਬਾਅਦ ਜਗਦੀਸ਼ ਨੂੰ ਪੰਕਜ ‘ਤੇ ਸ਼ੱਕ ਹੋਇਆ ਤੇ ਉਹ ਘਰ ਦੀ ਪਹਿਲੀ ਮੰਜ਼ਿਲ ‘ਤੇ ਗਿਆ, ਜਿੱਥੇ ਮੁਲਜ਼ਮ ਠਹਿਰਿਆ ਹੋਇਆ ਸੀ ਤੇ ਕਮਰੇ ‘ਚ ਉਸ ਦੇ ਪਿਤਾ ਦੀ ਲਾਸ਼ ਮਿਲੀ। ਪੁਲੀਸ ਨੇ ਦੱਸਿਆ ਕਿ ਇਹ ਕਤਲ 9 ਅਗਸਤ ਨੂੰ ਸੁਰੇਸ਼ ਤੇ ਕਿਰਾਏਦਾਰ ਦੇ ਸ਼ਰਾਬ ਪੀ ਕੇ ਘਰ ਆਉਣ ਤੋਂ ਬਾਅਦ ਹੋਈ ਲੜਾਈ ਤੋਂ ਬਾਅਦ ਹੋਇਆ ਸੀ। ਪਹਿਲਾਂ ਤਾਂ ਮੁਲਜ਼ਮ ਨੇ ਸ਼ਰਾਬ ਪੀਣ ਲਈ ਮੁਆਫੀ ਮੰਗ ਲਈ ਅਤੇ ਮਾਮਲਾ ਹੱਲ ਹੁੰਦਾ ਨਜ਼ਰ ਆਇਆ। ਪੰਕਜ ਨੇ ਪੁਲੀਸ ਨੂੰ ਦੱਸਿਆ ਕਿ ਉਸ ਨੇ ਸੁਰੇਸ਼ ਦਾ ਕਤਲ ਕਰ ਦਿੱਤਾ ਕਿਉਂਕਿ ਉਸ ਨੇ ਮ੍ਰਿਤਕ ਦੁਆਰਾ ਬੇਇੱਜ਼ਤੀ ਮਹਿਸੂਸ ਕੀਤੀ।