ਨਵੀਂ ਦਿੱਲੀ (ਨਿੱਜੀ ਪੱਤਰ ਪ੍ਰੇਰਕ): ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਕਾਮਰਸ, ਦਿੱਲੀ ਯੂਨੀਵਰਸਿਟੀ ਵਿੱਚ ‘ਉਚੇਰੀ ਸਿੱਖਿਆ ’ਚ ਭਾਰਤੀ ਮੁੱਲ ਵਿਧਾਨ ਅਤੇ ਗਿਆਨ ਪਰੰਪਰਾ’ ਵਿਸ਼ੇ ਉਪਰ ਕੌਮੀ ਸੈਮੀਨਾਰ ਕਰਵਾਇਆ ਗਿਆ। ਇਸ ਦਾ ਆਗਾਜ਼ ਕਾਲਜ ਦੀ ਧਾਰਮਿਕ ਸਭਾ-ਵਿਸਮਾਦ ਦੇ ਰੂਹਾਨੀ ਸ਼ਬਦ ਗਾਇਨ ਨਾਲ ਹੋਇਆ। ਆਈਕਿਊਏਸੀ ਦੀ ਡਾਇਰੈਕਟਰ ਅਤੇ ਸੈਮੀਨਾਰ ਕਨਵੀਨਰ ਪ੍ਰੋ. ਸੰਗੀਤਾ ਦੋਦਰਾਜਕਾ ਨੇ ਆਈਕਿਊਏਸੀ ਦੇ ਕਾਰਜਾਂ ਉਪਰ ਚਾਨਣਾ ਪਾਉਂਦਿਆਂ ਸੈਮੀਨਾਰ ਦੇ ਵੱਖ ਵੱਖ ਸੈਸ਼ਨਾਂ ਬਾਰੇ ਜਾਣਕਾਰੀ ਦਿੱਤੀ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ, ਡਾ. ਜਸਪਾਲ ਸਿੰਘ ਨੇ ਆਪਣੇ ਕੂੰਜੀਵਤ ਭਾਸ਼ਣ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ’ਚੋਂ ਹਵਾਲੇ ਦਿੰਦਿਆਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦਾ ਸੰਦੇਸ਼ ਵਿਸ਼ਵਵਿਆਪੀ ਹੈ। ਕਾਲਜ ਦੇ ਚੇਅਰਮੈਨ ਐੱਮ.ਪੀ.ਐੱਸ. ਚੱਢਾ ਨੇ ਅਜੋਕੇ ਵੇਲੇ ਅਜਿਹੇ ਸੈਮੀਨਾਰਾਂ ਦੀ ਮਹੱਤਤਾ ਉਪਰ ਚਾਨਣਾ ਪਾਇਆ।