ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 14 ਜੁਲਾਈ
ਯਮੁਨਾ ਵਿੱਚ ਪਿਛਲੇ ਦੋ ਦਿਨਾਂ ਤੋਂ ਚੜ੍ਹਿਆ ਪਾਣੀ ਦਾ ਪੱਧਰ ਘਟਣ ਲੱਗਾ ਹੈ, ਪਰ ਰੈਗੂਲੇਟਰ ਨੂੰ ਪੁੱਜੇ ਨੁਕਸਾਨ ਨਾਲ ਨਦੀ ਦਾ ਵਾਧੂ ਪਾਣੀ ਸੱਤ ਕਿਲੋਮੀਟਰ ਦੂਰ ਸੁਪਰੀਮ ਕੋਰਟ ਦੀਆਂ ਬਰੂਹਾਂ ਤੱਕ ਪੁੱਜ ਗਿਆ ਹੈ। ਆਈਟੀਓ ਚੌਕ ਤੇ ਰਾਜਘਾਟ ਸਥਿਤ ਮਹਾਤਮਾ ਗਾਂਧੀ ਸਮਾਰਕ ਵਿੱਚ ਵੀ ਹੜ੍ਹ ਵਰਗੇ ਹਾਲਾਤ ਹਨ। ਯਮੁਨਾ ਵਿਚ ਪਾਣੀ ਦਾ ਪੱਧਰ ਥੋੜ੍ਹਾ ਘਟਿਆ ਪਰ ਹੜ੍ਹ ਦੇ ਪਾਣੀ ਨੂੰ ਕੌਮੀ ਰਾਜਧਾਨੀ ਦੇ ਐਨ ਵਿਚਾਲੇ ਕੇਂਦਰੀ ਦਿੱਲੀ ਵਿਚ ਪੁੱਜਣ ਤੋਂ ਨਹੀਂ ਰੋਕਿਆ ਜਾ ਸਕਿਆ। ਡਰੇਨ ਨੰਬਰ 12 ’ਤੇ ਇੰਦਰਪ੍ਰਸਥ ਬੱਸ ਸਟੈਂਡ ਤੇ ਡਬਲਿਊਐੱਚਓ ਬਿਲਡਿੰਗ ਨਜ਼ਦੀਕ ਸਥਾਪਿਤ ਰੈਗੂਲੇਟਰ ਦੀ ਰੇਤ ਦੇ ਬੋਰਿਆਂ ਤੇ ਵੱਡੇ ਗੋੋਲ-ਪੱਥਰਾਂ ਨਾਲ ਮੁਰੰਮਤ ਕੀਤੀ ਗਈ ਸੀ। ਇਸੇ ਦੌਰਾਨ ਮੁਕੰਦਪੁਰ ਇਲਾਕੇ ਵਿੱਚ 3 ਬੱਚੇ ਹੜ੍ਹ ਦੇ ਪਾਣੀ ਵਿੱਚ ਨਹਾਉਣ ਸਮੇਂ ਡੁੱਬ ਗਏ।