ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਅਕਤੂਬਰ
ਟਰਾਂਸਪੋਰਟ ਵਿਭਾਗ ਵੱਲੋਂ ਰੂਟ ਰੈਸ਼ਨੇਲਾਈਜ਼ੇਸ਼ਨ ਸ਼ੁਰੂ ਕਰਨ ਦੇ ਨਾਲ ਹੀ ਦਿੱਲੀ ’ਚ ਨਵੇਂ ਬੱਸ ਰੂਟਾਂ ’ਤੇ ਟਰਾਇਲ ਰਨ ਸ਼ੁਰੂ ਕੀਤਾ ਹੈ। ਦਿੱਲੀ ਟਰਾਂਸਪੋਰਟ ਵਿਭਾਗ ਨੇ ਰੂਟ ਰੈਸ਼ਨੇਲਾਈਜ਼ੇਸ਼ਨ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ ਲਈ 2 ਅਕਤੂਬਰ ਤੋਂ ਟਰਾਇਲ ਆਧਾਰ ’ਤੇ ਨਵੇਂ ਬੱਸ ਰੂਟਾਂ ਦੀ ਸ਼ੁਰੂਆਤ ਕੀਤੀ ਹੈ। ਪ੍ਰਸਤਾਵਿਤ 26 ਨਵੇਂ ਬੱਸ ਰੂਟਾਂ ਦੇ ਟਰਾਇਲ ਰਨ ਐਤਵਾਰ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਸ਼ੁਰੂ ਹੋ ਗਏ ਹਨ।
ਦਿੱਲੀ ਸਰਕਾਰ ਨੇ ਹਾਲ ਹੀ ਵਿੱਚ ਸਿਟੀ ਬੱਸ ਸੇਵਾ ਦੇ ਇੱਕ ਵੱਡੇ ਸੁਧਾਰ ਦਾ ਐਲਾਨ ਕਰਦਿਆਂ ਬੱਸ ਸੇਵਾਵਾਂ ਨੂੰ ਛੇ ਸ਼੍ਰੇਣੀਆਂ ਵਿੱਚ ਸ਼੍ਰੇਣੀਬੱਧ ਕੀਤਾ ਹੈ, ਜਿਨ੍ਹਾਂ ਵਿੱਚ ਸਰਕੂਲੇਟਰ, ਟਰੰਕ ਰੂਟ, ਪ੍ਰਾਇਮਰੀ ਰੂਟ, ਏਅਰਪੋਰਟ ਸੇਵਾ, ਆਖਰੀ-ਮੀਲ ਫੀਡਰ ਤੇ ਐਨਸੀਆਰ ਸੇਵਾ ਸ਼ਾਮਲ ਹੈ। ਟਰਾਂਸਪੋਰਟ ਵਿਭਾਗ ਨੇ ਸਰਕੂਲੇਟਰ, ਟਰੰਕ, ਪ੍ਰਾਇਮਰੀ ਅਤੇ ਏਅਰਪੋਰਟ ਰੂਟਾਂ ਵਿੱਚ ਟਰਾਇਲ ਰਨ ਸ਼ੁਰੂ ਕਰ ਦਿੱਤੀ ਹੈ। ਐਨਸੀਆਰ ਤੇ ਫੀਡਰ ਸੇਵਾ ਦੇ ਅਧੀਨ ਰੂਟਾਂ ਦਾ ਹੁਣ ਟਰਾਇਲ ਨਹੀਂ ਹੈ। ਵਿਭਾਗ ਨੇ 42 ਮੌਜੂਦਾ ਬੱਸ ਰੂਟਾਂ ਨੂੰ ਸੋਧਣ ਤੇ 91 ਨਵੇਂ ਰੂਟ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਰੂਟ ਰੈਸ਼ਨੇਲਾਈਜੇਸ਼ਨ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ’ਤੇ ਵਿਚਾਰ ਕਰਨ ਮਗਰੋਂ ਲਿਆ ਗਿਆ, ਜਿਸ ਨੇ ਕੁਝ ਸਾਲ ਪਹਿਲਾਂ ਆਪਣੀ ਰਿਪੋਰਟ ਸੌਂਪੀ ਸੀ। ਸਰਕੂਲੇਟਰ ਸੇਵਾਵਾਂ ਨਵੀਂ ਦਿੱਲੀ ਰੇਲਵੇ ਸਟੇਸ਼ਨ, ਨਹਿਰੂ ਪਲੇਸ ਟਰਮੀਨਲ ਤੇ ਮੋਰੀ ਗੇਟ ਟਰਮੀਨਲ ਨੂੰ ਜੋੜਦੀਆਂ ਹਨ ਜਿਨ੍ਹਾਂ ਦੀ ਪਛਾਣ ਕੇਂਦਰੀ ਵਪਾਰਕ ਜ਼ਿਲ੍ਹੇ ਵਜੋਂ ਕੀਤੀ ਗਈ ਹੈ। ਇਨ੍ਹਾਂ ਰੂਟਾਂ ’ਤੇ 5-10 ਮਿੰਟਾਂ ਦੇ ਫ਼ਰਕ ਨਾਲ ਬੱਸ ਸਰਵਿਸ ਹੈ। ਇਨ੍ਹਾਂ ਰੂਟਾਂ ’ਤੇ ਟਰੰਕ ਰੂਟਾਂ ਦੀਆਂ ਬੱਸਾਂ 5-10 ਮਿੰਟਾਂ ’ਤੇ ਸ਼ਹਿਰ ਦੇ ਪ੍ਰਮੁੱਖ ਹੱਬ (ਸਬ-ਸੀਬੀਡੀ) ਨੂੰ ਤਿੰਨ ਸੀਬੀਡੀ ਨਾਲ ਜੋੜਦੀਆਂ ਹਨ। ਟਰੰਕ ਰੂਟ ਹਨ ਆਨੰਦ ਵਿਹਾਰ ਅੰਤਰ-ਰਾਜੀ ਬੱਸ ਟਰਮੀਨਲ ਤੋਂ ਮੰਗੋਲਪੁਰੀ ਕਿਊ ਬਲਾਕ, ਨਜ਼ਫਗੜ੍ਹ ਟਰਮੀਨਲ ਤੋਂ ਮੋਰੀ ਗੇਟ ਟਰਮੀਨਲ, ਆਨੰਦ ਵਿਹਾਰ (ਆਈ.ਐਸ.ਬੀ.ਟੀ ) ਤੋਂ ਸੁਲਤਾਨਪੁਰੀ ਤੇ ਅੰਬੇਡਕਰ ਨਗਰ ਟਰਮੀਨਲ, ਮੋਰੀ ਗੇਟ ਟਰਮੀਨਲ ਤੋਂ ਮੰਗਲਾਪੁਰੀ ਟਰਮੀਨਲ ਤੇ ਸ਼ਿਵਾਜੀ ਸਟੇਡੀਅਮ ਤੋਂ ਲਾਡਪੁਰ ਪਿੰਡ ਹਨ।
ਪ੍ਰਾਇਮਰੀ ਰੂਟ ਦੀਆਂ ਬੱਸਾਂ 10-20 ਮਿੰਟਾਂ ਦੇ ਫ਼ਰਕ ਨਾਲ ਰਿਹਾਇਸ਼ੀ ਖੇਤਰਾਂ ਤੋਂ ਸਬ-ਸੀਬੀਡੀ ਤੱਕ ਯਾਤਰੀਆਂ ਨੂੰ ਪਹੁੰਚਾਉਂਦੀਆਂ ਹਨ। 47 ਮੌਜੂਦਾ ਰੂਟਾਂ ਨੂੰ ਪ੍ਰਾਇਮਰੀ ਰੂਟਾਂ ਵਿੱਚ ਬਦਲਿਆ ਗਿਆ ਹੈ। ਇਹ ਪ੍ਰਮੁੱਖ ਰੇਲਵੇ ਸਟੇਸ਼ਨਾਂ ਅਤੇ ਆਈ.ਐਸ.ਬੀ.ਟੀ ਨੂੰ ਰਿਹਾਇਸ਼ੀ ਖੇਤਰਾਂ ਨਾਲ ਜੋੜਦਾ ਹੈ। ਏਅਰਪੋਰਟ ਸਰਵਿਸ ਰੂਟ ਸਬ-ਸੀਬੀਡੀ ਨੂੰ ਏਅਰਪੋਰਟ ਨਾਲ ਜੋੜਦੇ ਹਨ। ਇੱਥੇ ਹਰ 10 ਮਿੰਟ ਵਿੱਚ ਬੱਸਾਂ ਉਪਲਬਧ ਹਨ। ਚਾਰ ਰਸਤੇ ਆਈਜੀਆਈ ਹਵਾਈ ਅੱਡੇ ਨੂੰ ਆਜ਼ਾਦਪੁਰ, ਰਿਠਾਲਾ, ਨਜਫਗੜ੍ਹ ਤੇ ਗੁੜਗਾਉਂ ਨਾਲ ਜੋੜਦੇ ਹਨ।