ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਅਪਰੈਲ
ਅਗਲੇ ਦਿਨਾਂ ਦੌਰਾਨ ਦਿੱਲੀ ਐਨਸੀਆਰ ਵਿੱਚ ਗਰਮੀ ਦਾ ਕਹਿਰ ਹੋਰ ਵਧੇਗਾ। ਮੌਸਮ ਮਹਿਕਮੇ ਵੱਲੋਂ ਕਿਹਾ ਗਿਆ ਕਿ ਅੱਜ ਤਾਪਮਾਨ 40 ਡਿਗਰੀ ਦੇ ਨੇੜੇ-ਤੇੜੇ ਰਿਹਾ ਪਰ ਸ਼ਨਿਚਰਵਾਰ ਤੱਕ ਇਹ 43 ਡਿਗਰੀ ਤੱਕ ਛੂਹ ਸਕਦਾ ਹੈ। ਪੇਸ਼ੀਨਗੋਈ ਹੈ ਕਿ ਅਗਲੇ ਦਿਨਾਂ ਦੌਰਾਨ ਲੂ ਹੋਰ ਤੇਜ਼ ਵਗੇਗੀ, ਜਿਸ ਕਰਕੇ ਇੱਕ ਹਫ਼ਤੇ ਤੱਕ ਰਾਹਤ ਦੀ ਕੋਈ ਆਸ ਨਹੀਂ ਹੈ। ਆਈਐੱਮਡੀ ਦੀ ਭਵਿੱਖਬਾਣੀ ਦੇ ਅਨੁਸਾਰ ਰਾਸ਼ਟਰੀ ਰਾਜਧਾਨੀ ਨੂੰ ਘੱਟੋ-ਘੱਟ ਹਫ਼ਤੇ ਤੱਕ ਗਰਮੀ ਤੋਂ ਕੋਈ ਰਾਹਤ ਨਹੀਂ ਮਿਲੇਗੀ। ਸਫਦਰਜੰਗ ਆਬਜ਼ਰਵੇਟਰੀ ਅਨੁਸਾਰ 30 ਮਾਰਚ ਨੂੰ ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ 39.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ, ਜੋ ਇਸ ਵਾਰ ਦਾ ਹੁਣ ਤੱਕ ਦਾ ਸਭ ਤੋਂ ਉੱਚਾ ਤਾਪਮਾਨ ਹੈ। ਆਈਐੱਮਡੀ ਦੇ ਅਧਿਕਾਰੀਆਂ ਨੇ ਉੱਤਰ-ਪੱਛਮੀ ਭਾਰਤ ਵਿੱਚ ਬਾਰਸ਼ ਦੀ ਕਮੀ ਲਈ ਗਰਮ ਮੌਸਮ ਦਾ ਕਾਰਨ ਦੱਸਿਆ।