ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਸਤੰਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ’ਚ ਚੁਣੇ ਹੋਏ 46 ਮੈਂਬਰਾਂ ਵੱਲੋਂ ਆਪਣੀਆਂ ਵੋਟਾਂ ਨਾਲ ਦੋ ਹੋਰ ਮੈਂਬਰ ਨਾਮਜ਼ਦ ਕਰਨ ਦੌਰਾਨ ਵਿਰੋਧੀ ਧਿਰਾਂ ਦੇ ਦੋਫਾੜ ਦੇ ਆਸਾਰ ਬਣ ਗਏ ਹਨ। ਬੀਤੀ ਸ਼ਾਮ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਕਰਮ ਸਿੰਘ ਰੋਹਿਣੀ, ਆਰ. ਐੱਸ ਆਹੂਜਾ, ਜੇ.ਐੱਸ. ਜੌਲੀ ਤੇ ਸਤਪਾਲ ਸਿੰਘ ਚੰਨ ਦੇ ਕਾਗਜ਼ ਦਿੱਲੀ ਸਰਕਾਰ ਦੇ ਗੁਰਦੁਆਰਾ ਚੋਣ ਬੋਰਡ ਕੋਲ ਭਰੇ ਗਏ।
ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਵੱਲੋਂ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਨਾਜ਼ਮਦ ਕਰਨ ਖਾਤਰ ਕਾਗਜ਼ ਚੋਣ ਬੋਰਡ ਕੋਲ ਜਮ੍ਹਾਂ ਕਰਵਾਏ ਗਏ ਹਨ। ਉਧਰ ਜਾਗੋ ਪਾਰਟੀ ਵੱਲੋਂ ਦੂਜੀ ਵਾਰ ਲਗਾਤਾਰ ਹਾਰੇ ਪਰਮਿੰਦਰਪਾਲ ਸਿੰਘ ਦੇ ਕਾਗਜ਼ ਵੀ ਭਰੇ ਗਏ ਹਨ। ਸਰਨਾ ਧੜੇ ਕੋਲ ਆਪਣੇ 14 ਜਿੱਤੇ ਮੈਂਬਰ ਹਨ ਪਰ ਇੱਕ ਮੈਂਬਰ ਬਾਦਲ ਧੜੇ ਵਿੱਚ ਜਾਣ ਕਰਕੇ 13 ਮੈਂਬਰ ਹੀ ਰਹਿ ਗਏ ਹਨ। ਪਰਮਜੀਤ ਸਿੰਘ ਸਰਨਾ ਨੂੰ ਨਾਮਜ਼ਦ ਕਰਨ ਲਈ 16 ਮੈਂਬਰਾਂ ਦੀ ਲੋੜ ਹੋਵੇਗੀ। ਭਾਈ ਰਣਜੀਤ ਸਿੰਘ ਦਾ ਇੱਕ ਮੈਂਬਰ ਤੇ ਆਜ਼ਾਦ ਤਰਵਿੰਦਰ ਸਿੰਘ ਮਾਰਵਾਹ ਦੇ ਸਾਥ ਨਾਲ ਵੀ ਗਿਣਤੀ 15 ਹੁੰਦੀ ਹੈ। ਉਧਰ ਮਨਜੀਤ ਸਿੰਘ ਜੀਕੇ ਕੋਲ ਖ਼ੁਦ ਸਮੇਤ 3 ਮੈਂਬਰ ਹੀ ਹਨ ਤੇ ਪਰਮਿੰਦਰਪਾਲ ਸਿੰਘ ਦਾ ਰਾਹ ਵੀ ਔਖਾ ਹੋ ਗਿਆ ਹੈ। ਸਰਨਾ ਤੇ ਜੀਕੇ ਧੜੇ ਵੱਲੋਂ ਮਿਲ ਕੇ ਹੀ ਇੱਕ ਮੈਂਬਰ ਨਾਮਜ਼ਦ ਕੀਤਾ ਜਾ ਸਕਦਾ ਹੈ ਪਰ ਦੋਨਾਂ ਧਿਰਾਂ ਨੇ ਆਪਣੇ ਆਗੂ ਮੈਦਾਨ ’ਚ ਉਤਾਰ ਦਿੱਤੇ ਹਨ। ਇਸ ਲਈ ਸਥਿਤੀ ਦਿਲਚਸਪ ਹੋ ਗਈ ਹੈ। ਇਸ ਸਬੰਧੀ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ 9 ਸਤੰਬਰ ਤੱਕ 2 ਮੈਂਬਰ ਨਾਮਜ਼ਦ ਕਰਨ ਦੀ ਤਰੀਕ ਅਜੇ ਦੂਰ ਹੈ ਤੇ ਅੱਗੇ ਬਹੁਤ ਕੁਝ ਹੋਣ ਵਾਲਾ ਹੈ।