ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 19 ਮਈ
ਉੱਤਰੀ ਦਿੱਲੀ ਨਗਰ ਨਿਗਮ ਤੇ ਦਿੱਲੀ ਵਿਕਾਸ ਅਥਾਰਿਟੀ ਵੱਲੋਂ ਬਾਹਰੀ ਦਿੱਲੀ ਦੇ ਟਿਕਰੀ ਖੁਰਦ ਵਿੱਚ ਬੁਲਡੋਜ਼ਰ ਚਲਾ ਕੇ ਕਰੀਬ 40 ਮਕਾਨ ਤੋੜ ਦਿੱਤੇ, ਜੋ ਲਾਲ ਡੋਰੇ ਦੇ ਬਾਹਰ ਬਣੇ ਹੋਏ ਸਨ। ਗਰਮੀ ਦੌਰਾਨ ਲੋਕ ਘਰਾਂ ਵਿੱਚੋਂ ਸਾਮਾਨ ਵੀ ਨਾ ਕੱਢ ਸਕੇ। ਸਵੇਰੇ ਹੋਈ ਇਸ ਕਾਰਵਾਈ ਮਗਰੋਂ ਜਿਨ੍ਹਾਂ ਲੋਕਾਂ ਦੀ ਛੱਤ ਜਾਂਦੀ ਰਹੀ, ਉਨ੍ਹਾਂ ਨੂੰ ਦਰੱਖ਼ਤਾਂ ਦਾ ਆਸਰਾ ਲੈ ਕੇ ਦੁਪਹਿਰ ਕੱਟਣੀ ਪਈ। ਕਈਆਂ ਨੇ ਕਰਜ਼ੇ ਲੈ ਕੇ ਮਕਾਨ ਬਣਾਏ ਸਨ ਤੇ ਕਈ ਪਰਿਵਾਰਾਂ ਦੇ ਬੱਚਿਆਂ ਦੇ ਵਿਆਹ ਅਗਲੇ ਦਿਨਾਂ ਦੌਰਾਨ ਰੱਖੇ ਹੋਏ ਹਨ। ਉਨ੍ਹਾਂ ਲਈ ਪ੍ਰੇਸ਼ਾਨੀ ਕਾਫੀ ਵਧ ਗਈ ਹੈ। ਸਥਾਨਕ ਸਮਾਜ ਸੇਵੀ ਦੀਪ ਖੱਤਰੀ ਨੇ ਦੱਸਿਆ ਕਿ ਦਿੱਲੀ ਵਿੱਚ ਆਬਾਦੀ ਤਾਂ ਵਧਦੀ ਗਈ ਪਰ ਲਾਲ ਡੋਰੇ ਦਾ ਦਾਇਰਾ 1954 ਮਗਰੋਂ ਨਹੀਂ ਵਧਿਆ ਹੈ। ਖੱਤਰੀ ਨੇ ਦੱਸਿਆ ਕਿ ਜੋ ਮਕਾਨ ਤੋੜੇ ਗਏ ਉਹ 1976 ਦੇ ਬਣੇ ਹੋਏ ਸਨ। ਘਰਾਂ ਵਾਲਿਆਂ ਨੇ ਦੱਸਿਆ ਕਿ ਕੋਈ ਨੋਟਿਸ ਵੀ ਨਹੀਂ ਦਿੱਤਾ ਗਿਆ ਸੀ।
ਉਥੇ ਹੀ ਉੱਤਰੀ-ਪੱਛਮੀ ਦਿੱਲੀ ਦੇ ਸੁਲਤਾਨਪੁਰੀ ਖੇਤਰ ਵਿੱਚ ਹੋਣ ਵਾਲੀ ਇੱਕ ਕਬਜ਼ਾ ਵਿਰੋਧੀ ਮੁਹਿੰਮ ਨੂੰ ਲੋੜੀਂਦੀ ਪੁਲੀਸ ਬਲ ਨਾ ਮਿਲਣ ਕਾਰਨ ਵੀਰਵਾਰ ਨੂੰ ਰੱਦ ਕਰ ਦਿੱਤਾ ਗਿਆ। ਸਿਵਲ ਅਧਿਕਾਰੀਆਂ ਨੇ ਕਿਹਾ ਕਿ ਉੱਤਰੀ ਦਿੱਲੀ ਨਗਰ ਨਿਗਮ ਦੇ ਇੱਕ ਅਧਿਕਾਰੀ ਦੇ ਅਨੁਸਾਰ ਸੁਲਤਾਨਪੁਰੀ ਦੇ ਜਗਦੰਬਾ ਬਾਜ਼ਾਰ ਵਿੱਚ ਸੜਕਾਂ ’ਤੇ ਸਰਕਾਰੀ ਜ਼ਮੀਨ ਤੋਂ ਅਸਥਾਈ ਅਤੇ ਸਥਾਈ ਕਬਜ਼ੇ ਹਟਾਉਣ ਦੀ ਮੁਹਿੰਮ ਤੈਅ ਕੀਤੀ ਗਈ ਸੀ। ਅਧਿਕਾਰੀ ਨੇ ਦੱਸਿਆ ਕਿ ਕਬਜ਼ੇ ਵਿਰੋਧੀ ਮੁਹਿੰਮ ਵੀਰਵਾਰ ਨੂੰ ਸੁਲਤਾਨਪੁਰੀ ਦੇ ਜਗਦੰਬਾ ਮਾਰਕੀਟ ਖੇਤਰ ਵਿੱਚ ਚਲਾਈ ਜਾਣੀ ਸੀ ਪਰ ਇਹ ਨਹੀਂ ਹੋ ਸਕਿਆ ਕਿਉਂਕਿ ਸਾਨੂੰ ਲੋੜੀਂਦੀ ਪੁਲੀਸ ਨਹੀਂ ਮਿਲ ਸਕੀ। ਤਿੰਨ ਨਗਰ ਨਿਗਮਾਂ ਵੱਲੋਂ ਪਿਛਲੇ ਇੱਕ ਮਹੀਨੇ ਦੌਰਾਨ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਸ਼ਹੀਨ ਬਾਗ, ਜਹਾਂਗੀਰਪੁਰੀ, ਮਦਨਪੁਰ ਖਾਦਰ, ਨਿਊ ਫਰੈਂਡਜ਼ ਕਲੋਨੀ, ਮੰਗੋਲਪੁਰੀ, ਰੋਹਿਣੀ, ਗੋਕੁਲਪੁਰੀ, ਲੋਧੀ ਕਲੋਨੀ, ਜਨਕਪੁਰੀ ਸਮੇਤ ਹੋਰ ਕਈ ਥਾਵਾਂ ’ਤੇ ਕਬਜ਼ੇ ਵਿਰੋਧੀ ਮੁਹਿੰਮਾਂ ਚਲਾਈਆਂ ਗਈਆਂ।
ਭਾਜਪਾ ਦੇ 16 ਆਗੂਆਂ ’ਤੇ ਨਾਜਾਇਜ਼ ਕਬਜ਼ਿਆਂ ਦੇ ਦੋਸ਼
‘ਆਪ’ ਦੇ ਮੁੱਖ ਬੁਲਾਰੇ ਸੌਰਭ ਭਾਰਦਵਾਜ ਨੇ ਮੀਡੀਆ ਸਾਹਮਣੇ ਭਾਜਪਾ ਆਗੂਆਂ ਦੀ ਲੰਬੀ ਸੂਚੀ ਪੇਸ਼ ਕੀਤੀ ਹੈ। ਸੌਰਭ ਭਾਰਦਵਾਜ ਨੇ ਪ੍ਰੈੱਸ ਕਾਨਫਰੰਸ ਵਿੱਚ ਦਸਤਾਵੇਜ਼ਾਂ ਵਿੱਚ ਸੂਚੀ ਪੜ੍ਹਦਿਆਂ ਕਿਹਾ ਕਿ ਸੂਚੀ ਵਿੱਚ ਪਹਿਲਾ ਨਾਮ ਪੂਰਬੀ ਐੱਮਸੀਡੀ ਦੇ ਮੇਅਰ ਬਿਪਿਨ ਬਿਹਾਰੀ ਦਾ ਹੈ, ਜਿਸ ਨੇ ਪੌੜੀਆਂ ਬਣਾ ਕੇ ਸਰਕਾਰੀ ਜ਼ਮੀਨ ’ਤੇ ਕਬਜ਼ਾ ਕੀਤਾ ਹੋਇਆ ਹੈ। ਮਯੂਰ ਵਿਹਾਰ ਫੇਜ਼-1 ਵਿੱਚ ਦੋ ਮਕਾਨ ਜੋੜ ਲਏ ਹਨ। ਪੂਰਬੀ ਐੱਮਸੀਡੀ ਦੇ ਸਾਬਕਾ ਮੇਅਰ ਨਿਰਮਲ ਜੈਨ ਨੇ ਸਰਕਾਰੀ ਜ਼ਮੀਨ ’ਤੇ ਕਬਜ਼ੇ ਕੀਤੇ ਹੋਏ ਹਨ। ਵਿਧਾਇਕ ਓਮ ਪ੍ਰਕਾਸ਼ ਨੇ ਸਰਕਾਰੀ ਜ਼ਮੀਨ ’ਤੇ ਬੋਰਡ ਲਗਾ ਕੇ ਆਪਣੇ ਲਈ ਪਾਰਕਿੰਗ ਬਣਾ ਲਈ ਹੈ। ਉੱਤਰੀ ਐੱਮਸੀਡੀ ਦੇ ਸਾਬਕਾ ਮੇਅਰ ਰਵਿੰਦਰ ਗੁਪਤਾ ਨੇ ਸਰਕਾਰੀ ਜ਼ਮੀਨ ’ਤੇ ਕਬਜ਼ਾ ਕਰਕੇ ਕਰੀਬ 7 ਫੁੱਟ ਦਾ ਰੈਂਪ ਬਣਾ ਕੇ ਬਗੀਚਾ ਬਣਾ ਲਿਆ ਹੈ। ਉੱਤਰੀ ਐੱਮਸੀਡੀ ਦੇ ਮੇਅਰ ਰਾਜਾ ਇਕਬਾਲ ਸਿੰਘ ਦੇ ਘਰ ਦੀਆਂ ਪੌੜੀਆਂ ਨਾਜਾਇਜ਼ ਹਨ। ਉੱਤਰੀ ਐੱਮਸੀਡੀ ਦੀ ਸਾਬਕਾ ਮੇਅਰ ਪ੍ਰੀਤੀ ਅਗਰਵਾਲ ਨੇ ਸਰਕਾਰੀ ਜ਼ਮੀਨ ’ਤੇ ਵੱਡਾ ਬਾਗ ਬਣਾਇਆ ਹੈ। ਰਮੇਸ਼ ਬਿਧੂੜੀ ਨੇ ਗੈਰ-ਕਾਨੂੰਨੀ ਤੌਰ ’ਤੇ ਦਫ਼ਤਰ ਦਾ ਕੋਈ ਨਕਸ਼ਾ ਨਹੀਂ ਬਣਾਇਆ। ਰਮੇਸ਼ ਬਿਧੂੜੀ ਦੇ ਭਤੀਜੇ ਵਿਕਰਮ ਬਿਧੂੜੀ ਨੇ ਡੀਐੱਸਆਈਡੀਸੀ ਦੇ ਸ਼ੈੱਡ ਵਿੱਚ ਨਾਜਾਇਜ਼ ਉਸਾਰੀ ਕੀਤੀ ਹੋਈ ਹੈ। ਮੀਨਾਕਸ਼ੀ ਲੇਖੀ ਨੇ ਚਿਤਰੰਜਨ ਪਾਰਕ ਦੇ ਸਾਹਮਣੇ ਸ਼ਿਵਾਲਿਕ ਅਪਾਰਟਮੈਂਟ ਵਿੱਚ ਐੱਮਸੀਡੀ ਦੇ ਪਾਰਕ ’ਤੇ ਕਬਜ਼ਾ ਕਰਕੇ ਆਪਣਾ ਦਫ਼ਤਰ ਬਣਾ ਲਿਆ ਹੈ। ਰਾਜ ਸਭਾ ਮੈਂਬਰ ਅਨਿਲ ਜੈਨ ਅਨੁਪਮ ਗਾਰਡਨ ਵਿੱਚ, ਸਾਬਕਾ ਵਿਧਾਇਕ ਵਿਜੇ ਜੌਲੀ ਸੈਨਿਕ ਫਾਰਮ ਵਿੱਚ ਰਹਿੰਦੇ ਹਨ, ਜਿੱਥੇ ਉਸਾਰੀ ਦੀ ਵੀ ਇਜਾਜ਼ਤ ਨਹੀਂ ਹੈ। ਐੱਨਡੀਐੱਮਸੀ ਦੇ ਸਦਨ ਦੇ ਆਗੂ ਬਿਹਾਰੀ ਗੋਸਵਾਮੀ ਨੇ ਡੀਡੀਏ ਦੇ ਫਲੈਟ ਵਿੱਚ ਵਾਧਾ ਕਰਕੇ ਪੂਰੀ ਕੋਠੀ ਬਣਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਥਾਈ ਕਮੇਟੀ ਦੇ ਚੇਅਰਮੈਨ ਜੋਗੀ ਰਾਮ ਜੈਨ ਨੇ ਸਰਕਾਰੀ ਜ਼ਮੀਨ ’ਤੇ ਰੈਂਪ ਬਣਾਇਆ ਹੋਇਆ ਹੈ। ਦੱਖਣੀ ਐੱਮਸੀਡੀ ਦੇ ਮੇਅਰ ਮੁਕੇਸ਼ ਸੂਰਿਆਨ ਨੇ ਕਲੋਨੀ ਦੀ ਬੇਸਮੈਂਟ ਵਿੱਚ ਨਾਜਾਇਜ਼ ਉਸਾਰੀ ਕਰਵਾ ਕੇ ਮਕਾਨ ਬਣਾ ਲਿਆ ਹੈ। ਭਾਜਪਾ ਦੇ ਵੱਡੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਰੈਂਪ ਤੇ ਕੋਠੀ ਦੇ ਬਾਹਰ ਨਾਜਾਇਜ਼ ਤੌਰ ’ਤੇ ਗਾਰਡ ਰੂਮ ਬਣਾਇਆ ਹੋਇਆ ਹੈ। ਭਾਜਪਾ ਕਦੋਂ ਦੱਸੇਗੀ ਕਿ ਉਹ ਉਪਰੋਕਤ 16 ਆਗੂਆਂ ਦੇ ਕਬਜ਼ੇ ’ਤੇ ਭਾਜਪਾ ਦੀ ਐੱਮਸੀਡੀ ਦਾ ਬੁਲਡੋਜ਼ਰ ਕਦੋਂ ਚਲਾਏਗਾ?
ਭਾਜਪਾ ਨੇ ‘ਆਪ’ ਨੂੰ ਘੇਰਿਆ
ਦਿੱਲੀ ਭਾਜਪਾ ਬੁਲਾਰੇ ਪ੍ਰਵੀਨ ਸ਼ੰਕਰ ਕਪੂਰ ਨੇ ਕਿਹਾ ਹੈ ਕਿ ਸੌਰਭ ਭਾਰਦਵਾਜ ਨੇ ਕੁਝ ਆਗੂਆਂ ਦੇ ਘਰਾਂ ਦੇ ਬਾਹਰ ਲਗਾਏ ਗਏ ਰੈਂਪ ਤੇ ਨੇਮ ਪਲੇਟਾਂ ਨੂੰ ਕਬਜ਼ਾ ਕਰਾਰ ਦੇ ਕੇ ਸਿਆਸਤ ਦੀ ਹਰ ਹੱਦ ਪਾਰ ਕਰ ਦਿੱਤੀ ਹੈ। ਸ੍ਰੀ ਕਪੂਰ ਨੇ ਕਿਹਾ ਹੈ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਜਿਸ ਦਫ਼ਤਰ ਵਿੱਚ ਸੌਰਭ ਭਾਰਦਵਾਜ ਬੈਠ ਕੇ ਭਾਜਪਾ ਆਗੂਆਂ ’ਤੇ ਕਬਜ਼ੇ ਕਰਨ ਦੇ ਦੋਸ਼ ਲਾ ਰਹੇ ਹਨ, ਉਸ ਦਫ਼ਤਰ ਦੇ ਬਾਹਰ ਸਰਕਾਰੀ ਫੁੱਟਪਾਥ ’ਤੇ ਨਾਜਾਇਜ਼ ਕਮਰੇ ਬਣਾ ਦਿੱਤੇ ਗਏ ਹਨ।