ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਸਤੰਬਰ
ਦਿੱਲੀ ਮਹਿਲਾ ਕਮਿਸ਼ਨ ਨੇ ਜੇਲ੍ਹ ਦੇ ਡਾਇਰੈਕਟਰ ਜਨਰਲ ਨੂੰ ਨੋਟਿਸ ਜਾਰੀ ਕੀਤਾ ਹੈ ਕਿਉਂਕਿ ਇਕ ਮਹਿਲਾ ਡਾਕਟਰ ਨਾਲ ਕਥਿਤ ਤੌਰ ’ਤੇ ਇੱਥੋਂ ਦੀ ਮੰਡੋਲੀ ਜੇਲ੍ਹ ਵਿਚ ਬੰਦ ਕੈਦੀ ਵੱਲੋਂ ਛੇੜਛਾੜ ਕੀਤੀ ਗਈ ਸੀ। ਕਮਿਸ਼ਨ ਨੇ ਕਿਹਾ ਕਿ ਪੀੜਤ ਇੱਕ ਰੈਜ਼ੀਡੈਂਟ ਡਾਕਟਰ ਹੈ ਤੇ ਉਸ ਨੇ ਪਹਿਲਾਂ ਵੀ ਦੋਸ਼ੀ ਦਾ ਇਲਾਜ ਕੀਤਾ ਸੀ। ਡਾਕਟਰ ਨੇ ਪੈਨਲ ਨੂੰ ਦੱਸਿਆ ਕਿ ਜਦੋਂ ਉਹ 26 ਸਤੰਬਰ ਨੂੰ ਵਾਸ਼ਰੂਮ ਗਈ ਤਾਂ ਉਸ ਨੇ ਦੇਖਿਆ ਕਿ ਦੋਸ਼ੀ ਉੱਥੇ ਪਹਿਲਾਂ ਹੀ ਲੁਕਿਆ ਹੋਇਆ ਸੀ। ਕਮਿਸ਼ਨ ਅਨੁਸਾਰ ਕੈਦੀ ਨੇ ਉਸ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਭੱਜਣ ਵਿੱਚ ਕਾਮਯਾਬ ਹੋ ਗਈ ਤੇ ਸੁਰੱਖਿਆ ਕਰਮਚਾਰੀਆਂ ਨੂੰ ਸੁਚੇਤ ਕੀਤਾ। ਪੈਨਲ ਨੇ ਕਿਹਾ ਕਿ ਦੋਸ਼ੀ ਬਲਾਤਕਾਰ ਦੇ ਇੱਕ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਹੈ। ਪੈਨਲ ਨੇ ਕਿਹਾ ਕਿ ਇਹ ਬਹੁਤ ਗੰਭੀਰ ਮਾਮਲਾ ਹੈ। ਪੈਨਲ ਨੇ ਕਿਹਾ ਕਿ ਉਸ ਨੇ ਜੇਲ੍ਹ ਦੇ ਡਾਇਰੈਕਟਰ ਜਨਰਲ ਨੂੰ ਨੋਟਿਸ ਜਾਰੀ ਕਰਕੇ ਮਾਮਲੇ ਵਿੱਚ ਐੱਫਆਈਆਰ ਤੇ ਜਾਂਚ ਰਿਪੋਰਟ ਦੇ ਵੇਰਵੇ ਮੰਗੇ ਹਨ। ਡੀਸੀਡਬਲਿਊ ਨੇ ਦਿੱਲੀ ਜੇਲ੍ਹਾਂ ਵਿੱਚ ਆਪਣੀ ਮਹਿਲਾ ਸਟਾਫ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਧਿਕਾਰੀਆਂ ਵੱਲੋਂ ਚੁੱਕੇ ਗਏ ਕਦਮਾਂ ਬਾਰੇ ਵੀ ਜਾਣਕਾਰੀ ਮੰਗੀ ਹੈ। ਹਰੇਕ ਜੇਲ੍ਹ ਲਈ ਬਣਾਈ ਅੰਦਰੂਨੀ ਸ਼ਿਕਾਇਤ ਕਮੇਟੀ ਦੇ ਵੇਰਵੇ ਮੰਗੇ ਹਨ ਤੇ ਕੀਤੀ ਗਈ ਕਾਰਵਾਈ ਦੇ ਨਾਲ ਜਿਨਸੀ ਸ਼ੋਸ਼ਣ ਦੀਆਂ ਪ੍ਰਾਪਤ ਹੋਈਆਂ ਸ਼ਿਕਾਇਤਾਂ ਦੇ ਵੇਰਵਿਆਂ ਦੀ ਵੀ ਪੁੱਛਗਿੱਛ ਕੀਤੀ ਗਈ ਹੈ। ਜੇਲ੍ਹ ਅਧਿਕਾਰੀਆਂ ਨੂੰ 3 ਅਕਤੂਬਰ ਤੱਕ ਜਵਾਬ ਦਾਖਲ ਕਰਨ ਲਈ ਕਿਹਾ ਗਿਆ ਹੈ। ਡੀਸੀਡਬਲਿਊ ਦੀ ਮੁਖੀ ਸਵਾਤੀ ਮਾਲੀਵਾਲ ਨੇ ਕਿਹਾ ਕਿ ਇਹ ਇੱਕ ਬਹੁਤ ਹੀ ਮੰਦਭਾਗੀ ਘਟਨਾ ਹੈ ਕਿ ਇੱਕ ਜੇਲ੍ਹ ਵਿੱਚ ਕੰਮ ਕਰ ਰਹੀ ਇੱਕ ਮਹਿਲਾ ਡਾਕਟਰ ਨੂੰ ਕਿਸੇ ਤਰ੍ਹਾਂ ਆਜ਼ਾਦ ਹੋਣ ਤੇ ਭੱਜਣ ਲਈ ਉਸ ਆਦਮੀ ਨਾਲ ਲੜਨਾ ਪਿਆ।